ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਦੇ ਸੀਨੀਅਰ ਆਗੂ ਸੁਰੇਸ਼ ‘ਭਈਆਜੀ’ ਜੋਸ਼ੀ ਨੇ ਅਯੁੱਧਿਆ ’ਚ ਰਾਮ ਮੰਦਰ ਦੇ ਨਿਰਮਾਣ ਦਾ ਆਪਣਾ ਵਾਅਦਾ ਪੂਰਾ ਨਾ ਕਰਨ ਨੂੰ ਲੈ ਕੇ ਅੱਜ ਭਾਜਪਾ ’ਤੇ ਅਸਿੱਧਾ ਹਮਲਾ ਕਰਦਿਆਂ ਕੇਂਦਰ ਸਰਕਾਰ ਤੋਂ ਰਾਮ ਮੰਦਰ ਦੇ ਨਿਰਮਾਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ। ਰਾਮਲੀਲਾ ਮੈਦਾਨ ’ਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਦੀ ਰੈਲੀ ਨੂੰ ਸੰਬੋਧਨ ਕਰਦਿਆਂ ਆਰਐੱਸਐੱਸ ਆਗੂ ਨੇ ਕਿਹਾ, ‘ਜੋ ਅੱਜ ਸੱਤਾ ਵਿੱਚ ਹਨ, ਉਨ੍ਹਾਂ ਰਾਮ ਮੰਦਰ ਬਣਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਅਯੁੱਧਿਆ ’ਚ ਰਾਮ ਮੰਦਰ ਦੀ ਮੰਗ ਪੂਰੀ ਕਰਨੀ ਚਾਹੀਦੀ ਹੈ।’ ਭਾਜਪਾ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ, ‘ਅਸੀਂ ਇਸ ਲਈ ਭੀਖ ਨਹੀਂ ਮੰਗ ਰਹੇ। ਅਸੀਂ ਆਪਣੀਆਂ ਭਾਵਨਾਵਾਂ ਜ਼ਾਹਿਰ ਕਰ ਰਹੇ ਹਾਂ। ਦੇਸ਼ ‘ਰਾਮ ਰਾਜ’ ਚਾਹੁੰਦਾ ਹੈ।’
ਸਰਦ ਰੁੱਤ ਇਜਲਾਸ ਤੋਂ ਕੁਝ ਦਿਨ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਰੈਲੀ ’ਚ ਅੱਜ ਹਜ਼ਾਰਾਂ ਲੋਕ ਅਯੁੱਧਿਆ ’ਚ ਰਾਮ ਮੰਦਰ ਬਣਾਉਣ ਦੀ ਮੰਗ ’ਤੇ ਰਾਮਲੀਲਾ ਮੈਦਾਨ ’ਚ ਇਕੱਠੇ ਹੋਏ ਸਨ। ਅਯੁੱਧਿਆ ’ਚ ਸਬੰਧਤ ਜ਼ਮੀਨ ਦੇ ਮਾਲਕਾਨਾ ਹੱਕ ਦਾ ਕੇਸ ਸੁਪਰੀਮ ਕੋਰਟ ’ਚ ਵਿਚਾਰ ਅਧੀਨ ਹੈ।ਅਗਲੇ ਸਾਲ ਜਨਵਰੀ ਮਹੀਨੇ ’ਚ ਅਦਾਲਤ ਸੁਣਵਾਈ ਦੀ ਤਰੀਕ ਦਾ ਐਲਾਨ ਕਰੇਗੀ ਪਰ ਇਹ ਵਿਵਾਦ ਪਿਛਲੇ 25 ਸਾਲਾਂ ਤੋਂ ਅਣਸੁਲਝਿਆ ਪਿਆ ਹੈ। ਹਿੰਦੂ ਜਥੇਬੰਦੀਆਂ ਕੇਂਦਰ ਸਰਕਾਰ ਨੂੰ ਅਦਾਲਤ ਤੋਂ ਬਾਹਰ ਜਾ ਕੇ ਮੰਦਰ ਦੇ ਨਿਰਮਾਣ ਦੀ ਦਿਸ਼ਾ ਵੱਲ ਅੱਗੇ ਵਧਣ ਦੀ ਮੰਗ ਕਰ ਰਹੀਆਂ ਹਨ। ਜੋਸ਼ੀ ਤੋਂ ਇਲਾਵਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਵਿਸ਼ਣੂ ਸਦਾਸ਼ਿਵ ਕੋਕਜੇ ਅਤੇ ਇਸ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਵੀ ਇਸ ਰੈਲੀ ਨੂੰ ਸੰਬੋਧਨ ਕਰ ਸਕਦੇ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਬੁਲਾਰੇ ਵਿਨੋਦ ਬਾਂਸਲ ਨੇ ਕਿਹਾ, ‘ਰਾਮ ਮੰਦਰ ਦੇ ਨਿਰਮਾਣ ਲਈ ਜੋ ਲੋਕ ਬਿੱਲ ਲਿਆਉਣ ਦੇ ਹੱਕ ਵਿੱਚ ਨਹੀਂ ਹੈ, ਇਹ ਰੈਲੀ ਉਨ੍ਹਾਂ ਲੋਕਾਂ ਦਾ ਮਨ ਬਦਲ ਦੇਵੇਗੀ।’
INDIA ਰਾਮ ਮੰਦਰ ’ਤੇ ਲੋਕਾਂ ਦੀ ਗੱਲ ਸੁਣੇ ਕੇਂਦਰ ਸਰਕਾਰ: ਭਈਆਜੀ ਜੋਸ਼ੀ