ਰਾਜਸਥਾਨ ’ਚ ਭਾਜਪਾ ਨੂੰ ਦੋਹਰਾ ਝਟਕਾ

ਰਾਜਸਥਾਨ ’ਚ ਅਗਲੇ ਮਹੀਨੇ ਸੂਬਾਈ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਦੋਹਰਾ ਝਟਕਾ ਲੱਗਾ ਹੈ। ਪਾਰਟੀ ਦੀ ਦੌਸਾ ਪਾਰਲੀਮਾਨੀ ਸੀਟ ਤੋਂ ਸੰਸਦ ਮੈਂਬਰ ਹਰੀਸ਼ ਚੰਦਰ ਮੀਨਾ ਤੇ ਨਾਗੌਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਬੀਬੁਰ ਰਹਿਮਾਨ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਸਾਬਕਾ ਡੀਜੀਪੀ ਮੀਨਾ ਨਵੀਂ ਦਿੱਲੀ ’ਚ ਰੱਖੇ ਇਕ ਸਮਾਗਮ ਦੌਰਾਨ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸਚਿਨ ਪਾਇਲਟ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੂਬਾਈ ਇੰਚਾਰਜ ਅਵਿਨਾਸ਼ ਪਾਂਡੇ ਦੀ ਹਾਜ਼ਰੀ ਵਿੱਚ ਕਾਂਗਰਸ ’ਚ ਸ਼ਾਮਲ ਹੋ ਗਏ।
ਉਧਰ ਨਾਗੌਰ ਤੋਂ ਵਿਧਾਇਕ ਰਹਿਮਾਨ ਨੇ ਜੈਪੁਰ ਵਿੱਚ ਅਜਮੇਰ ਤੋਂ ਸੰਸਦ ਮੈਂਬਰ ਰਘੂ ਸ਼ਰਮਾ ਤੇ ਹੋਰਨਾਂ ਆਗੂਆਂ ਦੀ ਹਾਜ਼ਰੀ ਵਿੱਚ ਇਕ ਦਹਾਕੇ ਮਗਰੋੋਂ ਕਾਂਗਰਸ ’ਚ ਘਰ ਵਾਪਸੀ ਕੀਤੀ। ਇਸ ਦੌਰਾਨ ਪਾਇਲਟ ਤੇ ਗਹਿਲੋਤ ਨੇ ਕਿਹਾ ਕਿ ਉਹ 7 ਦਸੰਬਰ ਨੂੰ ਹੋਣ ਵਾਲੀ ਸੂਬਾਈ ਚੋਣ ਵਿੱਚ ਹੋਰਨਾਂ ਸੀਨੀਅਰ ਆਗੂਆਂ ਨਾਲ ਚੋਣ ਲੜਨਗੇ। ਗਹਿਲੋਤ ਨੇ ਕਿਹਾ ਕਿ ਰਾਜਸਥਾਨ ’ਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁਟ ਹਨ ਤੇ ਭਾਜਪਾ ਵੱਲੋਂ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਗਹਿਲੋਤ ਹਾਲਾਂਕਿ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛੇ ਸਵਾਲ ਨੂੰ ਟਾਲ ਗਏ।