ਯੂਰਪੀ ਸੰਘ ਵਲੋਂ ਬ੍ਰੈਗਜ਼ਿਟ ਸਮਝੌਤੇ ਉੱਤੇ ਸਹੀ

ਬ੍ਰਸਲਜ਼ ਯੂਰਪੀ ਸੰਘ ਦੇ ਆਗੂਆਂ ਨੇ ਐਤਵਾਰ ਨੂੰ ਇਤਿਹਾਸਕ ਬ੍ਰੈਗਜ਼ਿਟ ਸੰਧੀ ’ਤੇ ਸਹੀ ਪਾ ਦਿੱਤੀ ਤੇ ਨਾਲ ਹੀ ਬਰਤਾਨੀਆ ਦੇ ਨਿਕਾਲੇ ਨੂੰ ‘ਤ੍ਰਾਸਦੀ’ ਕਰਾਰ ਦਿੰਦਿਆਂ ਕਿਹਾ ਕਿ ਭਵਿੱਖ ਵਿਚ ਬਿਹਤਰ ਸਬੰਧਾਂ ਦੀ ਆਸ ਬੇਮਾਅਨਾ ਨਹੀਂ ਹੈ। ਬ੍ਰਸਲਜ਼ ਵਿਚ ਵਿਸ਼ੇਸ਼ ਸੰਮੇਲਨ ਵਿਚ ਪਹੁੰਚਦਿਆਂ ਯੂਰਪੀ ਕਮਿਸ਼ਨ ਦੇ ਮੁਖੀ ਯਿਆਂ ਕਲਾਉੂਡ ਜੰਕਰ ਨੇ ਕਿਹਾ ‘‘ ਬਰਤਾਨੀਆ ਜਿਹੇ ਮੁਲਕ ਦਾ ਯੂਰਪੀ ਸੰਘ ਛੱਡ ਕੇ ਜਾਣਾ ਕੋਈ ਖ਼ੁਸ਼ੀ ਜਾਂ ਜਸ਼ਨ ਦਾ ਸਬੱਬ ਨਹੀਂ ਹੈ ਸਗੋਂ ਇਹ ਉਦਾਸ ਪਲ ਤੇ ਤ੍ਰਾਸਦੀ ਹੈ।’’ ਫ਼ਰਾਂਸ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕਲ ਬਾਰਨੀਅਰ ਜਿਨ੍ਹਾਂ ਬਲਾਕ ਦੀ ਤਰਫ਼ੋਂ ਸੰਧੀ ਬਾਰੇ ਗੱਲਬਾਤ ਕੀਤੀ ਸੀ, ਨੇ ਆਖਿਆ ‘‘ ਅਸੀਂ ਇਤਿਹਾਦੀ, ਭਿਆਲ ਤੇ ਦੋਸਤ ਬਣੇ ਰਹਾਂਗੇ।’’ ਯੂਰਪੀ ਸੰਘ ਦੇ 27 ਮੈਂਬਰ ਦੇਸ਼ਾਂ ਵਲੋਂ ਸਮਝੌਤੇ ’ਤੇ ਦਸਤਖਤ ਕੀਤੇ ਜਾਣਗੇ ਜਿਸ ਤੋਂ ਬਾਅਦ ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਵੀ ਹਾਜ਼ਰੀ ਪਾਉਣਗੇ। ਲਗਭਗ 17 ਮਹੀਨੇ ਗਹਿਗੱਚ ਵਾਰਤਾ ਚੱਲਦੀ ਰਹੀ ਹੈ। ਉਂਜ ਹਾਲੇ ਇਹ ਅੰਤਮ ਪੜਾਅ ਨਹੀਂ ਹੈ। ਲੰਡਨ ਦਾ ਹਾਊਸ ਆਫ ਕਾਮਨਜ਼ 29 ਮਾਰਚ 2019 ਨੂੰ ਸੰਧੀ ’ਤੇ ਸਹੀ ਪਾਵੇਗਾ ਪਰ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਦੀ ਪ੍ਰੋੜਤਾ ਨਹੀਂ ਕਰਨਗੇ। ਲੰਡਨ ਵਿਚ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮੇਅ ਦੇ ਕੁਝ ਆਪਣੇ ਮੰਤਰੀ ਯੂਰਪੀ ਸੰਘ ਦੇ ਸਫ਼ੀਰਾਂ ਨਾਲ ਗੁਪਤ ਮੀਟਿੰਗਾਂ ਕਰ ਰਹੇ ਹਨ ਤਾਂ ਕਿ ਜੇ ਅਗਲੇ ਮਹੀਨੇ ਪਾਰਲੀਮੈਂਟ ਨੇ ਸਮਝੌਤਾ ਰੱਦ ਕਰ ਦਿੱਤਾ ਤਾਂ ਬਦਲਵੀਂ ਯੋਜਨਾ ਤਿਆਰ ਰੱਖੀ ਜਾ ਸਕੇ।