ਯੂਨੀਵਰਸਿਟੀ ਵਿਖੇ ਗੁਰੂ ਨਾਨਕ ਆਗਮਨ ਵਿਸ਼ੇ ਤੇ ਸੈਮੀਨਾਰ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਸਬੰਧੀ ਕਰਵਾਏ ਗਏ ਸੈਮੀਨਾਰ ਦੀ ਝਲਕ। (ਫੋਟੋ ਚੁੰਬਰ)
ਸ਼ਾਮਚੁਰਾਸੀ, (ਚੁੰਬਰ) – ਪੰਜਾਬੀ ਵਿਭਾਗ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਆਗਮਨ ਅਧਿਆਤਮਕ ਅਤੇ ਗਿਆਨਮਈ ਅਨੁਭਵ ਵਿਸ਼ੇ ਤੇ ਸੈਮੀਨਾਰ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਪ੍ਰੇਰਨਾ ਅਤੇ ਡਾ. ਜਤਿੰਦਰ ਸਿੰਘ ਬੱਲ ਵਾਇਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਯੋਗ ਅਗਵਾਈ ਵਿਚ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਡਾ. ਸੁਹਿੰਦਰ ਸਿੰਘ (ਗੁਰੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਕੀਤੀ। ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਸ. ਜਤਿੰਦਰ (ਜੇ) ਮਿਨਹਾਸ (ਉੱਘੇ ਸਮਾਜ ਸੇਵੀ), ਸ. ਭਗਵਾਨ ਸਿੰਘ ਜੌਹਲ, ਡਾ. ਦਰਿਆ (ਪੰਜਾਬੀ ਵਿਭਾਗ, ਗੁਰੂੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਅਤੇ ਪ੍ਰੋ. ਜਗਦੀਸ਼ ਸਿੰਘ (ਡਾਇਰੈਕਟਰ, ਨਾਦ ਪ੍ਰਗਾਸੁ, ਅੰਮ੍ਰਿਤਸਰ) ਸਨ। ਡਾ. ਜਤਿੰਦਰ ਸਿੰਘ ਬੱਲ ਵਾਇਸ ਚਾਂਸਲਰ ਨੇ ਇਸ ਸੈਮੀਨਾਰ ਬਾਰੇ ਦੱਸਿਆ ਕਿ ਗੁਰੁੂ ਨਾਨਕ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਸਿੱਖ ਗੁਰੂ ਸਨ। ਇਹਨਾਂ ਦਾ ਜਨਮ ਦਿਹਾੜਾ ਵਿਸ਼ਵ ਭਰ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਨੇ ਦੱਸਿਆ ਕਿ ਭਾਰਤੀ ਚਿੰਤਨ ਅਨੁਸਾਰ ਸੰਤਾਂ ਮਹਾਂਪੁਰਖਾਂ ਦਾ ਆਗਮਨ ਮਨੁੱਖਾ ਜੀਵਨ ਨੂੰ ਗਿਰਾਵਟ ਵੱਲ ਲੈ ਜਾਣ ਵਾਲੇ ਪੱਖਾਂ ਨੂੰ ਖਤਮ ਕਰਨ ਲਈ ਹੁੰਦਾ ਹੈ। ਇਸ ਤਰ੍ਹਾਂ ਦੇ ਮਹਾਂਪੁਰਸ਼ ਧਰਮਵੀਰ, ਕਰਮਵੀਰ, ਦਾਨਵੀਰ ਤੇ ਦਯਾਵੀਰ ਹੋਣ ਦੇ ਨਾਲ ਨਾਲ ਜਨ-ਮਾਨਸ ਨੂੰ ਕਰੁਣਾ ਦਾ ਅੰਮ੍ਰਿਤ ਪ੍ਰਦਾਨ ਕਰਕੇ ਸਹੀ ਦਿਸ਼ਾ ਦਿੰਦੇ ਹਨ ਅਤੇ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਹਨ। ਇਹ ਮਾਰਗ ਦਰਸ਼ਨ ਪਿਆਰ ਦੇ ਜ਼ਰੀਏ ਨਵੇਂ ਆਦਰਸ਼ਾਂ ਦੀ ਸਥਾਪਨਾ ਕਰਕੇ ਸੰਸਾਰ ਨੂੰ ਗਿਆਨ ਦੀ ਰੌਸ਼ਨੀ ਪ੍ਰਦਾਨ ਕਰਦਾ ਹੈ।