ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਤਾਵਰਣ ਨੂੰ ਹੋਰ ਸ਼ੁੱਧ, ਸਾਫ ਸੁਥਰਾ ਬਣਾਉਣ ਅਤੇ ਪ੍ਰਦੂਸ਼ਣ ਮੁਕਤ ਕਰਨ ਦੇ ਅਮਲ ਨੂੰ ਅਮਲੀ ਰੂਪ ਦੇ ਦਿੱਤਾ ਗਿਆ ਹੈ। ਅੱਜ ਯੂਨੀਵਰਸਿਟੀ ਦੇ ਦੋਵਾਂ ਗੇਟਾਂ ’ਤੇ ਤਿਆਰ ਕੀਤੀਆਂ ਪਾਰਕਿੰਗਾਂ ਦੇ ਵਿਚ ਹੀ ਵਾਹਨ ਲਗਵਾਏ ਗਏ। ਵਿਦਿਆਰਥੀਆਂ ਅਤੇ ਯੂਨੀਵਰਸਿਟੀ ਆਉਣ ਵਾਲੇ ਬਾਹਰਲੇ ਵਿਅਕਤੀਆਂ ਵੱਲੋਂ ਪੂਰਾ ਸਹਿਯੋਗ ਦਿੰਦਿਆਂ ਇਸ ਕਦਮ ਦੀ ਸ਼ਲਾਘਾ ਕੀਤੀ ਗਈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਪ੍ਰਦੂਸ਼ਣ-ਮੁਕਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਚੰਗਾ ਮਾਹੌਲ ਮੁਹੱਈਆ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹੀ ਯੂਨੀਵਰਸਿਟੀ ਕੈਂਪਸ ਵਿਚ ਟਰਾਇਲ ਵੱਜੋਂ ਸਾਈਕਲ ਮੁਹੱਈਆ ਕਰਵਾ ਦਿੱਤੇ ਗਏ ਸਨ। ਅੱਜ ਤੋਂ 300 ਸਾਈਕਲ ਅਤੇ 12 ਈ-ਰਿਕਸ਼ੇ ਦੋਵਾਂ ਪਾਰਕਿੰਗਾਂ ’ਤੇ ਉਪਲਬਧ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਆਉਣ -ਜਾਣ ਲਈ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਬਾਹਰੀ ਵਿਅਕਤੀਆਂ ਵੱਲੋਂ ਯੂਨੀਵਰਸਿਟੀ ਵਿਚੋਂ ਵਾਹਨ ਕਰਾਸ ਕਰਨ ’ਤੇ ਪੂਰਨ ਪਾਬੰਦੀ ਲੱਗ ਗਈ ਹੈ ਉਥੇ ਕੋਈ ਵੀ ਬਾਹਰਲਾ ਵਿਅਕਤੀ ਗੱਡੀ ਸਮੇਤ ਯੂਨੀਵਰਸਿਟੀ ਦੇ ਅੰਦਰ ਦਾਖਲ ਨਹੀਂ ਹੋ ਸਕੇਗਾ। ਇਸ ਕਦਮ ਨੂੰ ਵਿਦਿਆਰਥਣਾਂ ਲਈ ਇਕ ਸੁਰੱਖਿਆ ਵਜੋਂ ਵੀ ਵੇਖਿਆ ਜਾ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਦਫਤਰੀ ਕੰਮਾਂ ਲਈ ਆਉਣ ਵਾਲਿਆਂ ਨੂੰ ਆਪਣੇ ਵਾਹਨ ਪਾਰਕਿੰਗਾਂ ਵਿਚ ਹੀ ਲਗਾਉਣੇ ਪੈਣਗੇ। ਸੜਕ ’ਤੇ ਵਾਹਨ ਪਾਰਕ ਕਰਨ, ਹਾਰਨ ਤੇ ਗਾਣੇ ਵਜਾਉਣ ਆਦਿ ਤੋਂ ਇਲਾਵਾ ਦੋ ਪਹੀਆ ਵਾਹਨ ’ਤੇ ਤੀਜੀ ਸਵਾਰੀ ਉੱਤੇ ਵੀ ਮੁਕੰਮਲ ਪਾਬੰਦੀ ਹੋਵੇਗੀ। ਹੋਸਟਲਾਂ ਵਿਚ ਰਹਿ ਰਹੇ ਵਿਦਿਆਰਥੀਆਂ ਨੂੰ ਵੀ ਚਾਰ ਪਹੀਆ ਵਾਹਨ ਰੱਖਣ ’ਤੇ ਰੋਕ ਲਾ ਦਿੱਤੀ ਗਈ ਹੈ। ਉਹ ਆਪਣੇ ਦੋ ਪਹੀਆ ਵਾਹਨ ਆਪਣੇ ਹੋਸਟਲ ਵਿਚ ਬਣੀਆਂ ਪਾਰਕਿੰਗਾਂ ਵਿਚ ਹੀ ਲਾ ਸਕਣਗੇ। ਸਾਈਕਲਾਂ ਲਈ ਵੱਖ-ਵੱਖ ਪਾਰਕਿੰਗ ਥਾਵਾਂ ਰੱਖੀਆਂ ਗਈਆਂ ਹਨ ਅਤੇ ਜਿਸ ਦਾ ਕਿਰਾਇਆ ਬਹੁਤ ਘੱਟ ਹੈ। ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਉਪਰ ਵਿੱਤੀ ਬੋਝ ਨਾ ਪਾਉਂਦਿਆਂ ਇਕ ਐਪ ਰਾਹੀਂ ਚੱਲਣ ਵਾਲੇ ਉਨ੍ਹਾਂ ਸਾਈਕਲਾਂ ਦਾ ਕਿਰਾਇਆ ਅਤੇ ਪਾਰਕਿੰਗ ਫੀਸ ਬਹੁਤ ਹੀ ਘੱਟ ਰੱਖੀ ਗਈ ਹੈ। ਪਾਰਕਿੰਗ ਉਪਰ ਇਕ ਦਿਨ ਲਈ ਦੋ ਪਹੀਆ ਵਾਹਨ ਲਈ ਪੰਜ ਰੁਪਏ ਅਤੇ ਚਾਰ ਪਹੀਆ ਵਾਹਨ ਲਈ ਦਸ ਰੁਪਏ ਫੀਸ ਰੱਖੀ ਗਈ ਹੈ, ਜੋ ਕਿ ਯੂਨੀਵਰਸਿਟੀ ਤੋਂ ਬਾਹਰ ਦੀ ਪਾਰਕਿੰਗ ਫੀਸ ਤੋਂ ਕਿਤੇ ਘੱਟ ਹੈ। ਦੁਪਹੀਆ ਵਾਹਨ ਲਈ ਮਹੀਨਾਵਾਰ ਪਾਸ 25 ਰੁਪਏ ਅਤੇ ਚਾਰ ਪਹੀਆ ਵਾਹਨ ਲਈ 75 ਰੁਪਏ ਫੀਸ ਰੱਖੀ ਗਈ ਹੈ।
INDIA ਯੂਨੀਵਰਸਿਟੀ ਦੇ ਗੇਟ ’ਤੇ ਬਣੀ ਪਾਰਕਿੰਗ ਸ਼ੁਰੂ