ਮੱਧ ਪ੍ਰਦੇਸ਼ ਚੋਣਾਂ: ਭਾਜਪਾ ਤੇ ਕਾਂਗਰਸ ਵੱਲੋਂ ਸੂਚੀਆਂ ਜਾਰੀ

ਭਾਜਪਾ ਨੇ ਅੱਜ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਤੀਜੀ ਸੂਚੀ ਜਾਰੀ ਕਰਦਿਆਂ 32 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਦਕਿ ਕਾਂਗਰਸ ਨੇ ਪੰਜਵੀਂ ਸੂਚੀ ਜਾਰੀ ਕਰਕੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੇ ਸਾਲੇ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ।
ਭਾਜਪਾ ਨੇ 32 ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦੇ ਲੜਕੇ ਆਕਾਸ਼ ਨੂੰ ਟਿਕਟ ਦਿੱਤੀ ਹੈ। ਇਸ ਸੂਚੀ ਨਾਲ 230 ਮੈਂਬਰੀ ਸਭਾ ਲਈ ਭਾਜਪਾ ਨੇ 226 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਭੋਪਾਲ ਦੇ ਸਾਬਕਾ ਮੇਅਰ ਕ੍ਰਿਸ਼ਨਾ ਗੌੜ ਨੂੰ ਗੋਵਿੰਦਪੁਰਾ ਤੋਂ ਉਮੀਦਵਾਰ ਬਣਾਇਆ ਹੈ ਜਦਕਿ ਇਸ ਸੀਟ ’ਤੇ ਕ੍ਰਿਸ਼ਨਾ ਗੌੜ ਦੇ ਸਹੁਰਾ ਤੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਗੌੜ ਚੋਣ ਲੜਦੇ ਆ ਰਹੇ ਸਨ। ਕਾਂਗਰਸ ਨੇ ਅੱਜ ਪੰਜਵੀਂ ਸੂਚੀ ਜਾਰੀ ਕਰਦਿਆਂ 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਨਾਲ ਕਾਂਗਰਸ ਵਲੋਂ ਹੁਣ ਤਕ 229 ਉਮੀਦਵਾਰ ਐਲਾਨ ਦਿੱਤੇ ਗਏ ਹਨ ਜਦਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਕਾਂਗਰਸ ਵਲੋਂ ਚੌਥੀ ਸੂਚੀ ਕੀਤੀ ਗਈ ਸੀ। ਕਾਂਗਰਸ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਸਾਲੇ ਸੰਜੇ ਸਿੰਘ ਮਸਾਨੀ ਨੂੰ ਵੀ ਵਾਰਾਸਿਓਨੀ ਤੋਂ ਉਮੀਦਵਾਰ ਬਣਾਇਆ ਹੈ। ਦੱਸਣਯੋਗ ਹੈ ਕਿ ਸੰਜੇ ਮਸਾਨੀ ਕੁਝ ਦਿਨ ਪਹਿਲਾਂ ਹੀ ਕਾਂਗਰਸ ਵਿਚ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਕਾਂਗਰਸ ਨੇ ਸੀਨੀਅਰ ਆਗੂ ਦਿਗਵਿਜੇ ਸਿੰਘ ਦੇ ਵਫਾਦਾਰ ਮਸਾਰਤ ਸ਼ਾਹਿਦ ਨੂੰ ਅਸ਼ੋਕ ਤਿਆਗੀ ਦੀ ਥਾਂ ਦੁਬਾਰਾ ਟਿਕਟ ਦਿੱਤੀ ਹੈ।