ਮੋਦੀ ਸ਼ਿਵਲਿੰਗ ’ਤੇ ਬੈਠਾ ਬਿੱਛੂ: ਥਰੂਰ

ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਐਤਵਾਰ ਨੂੰ ਇਹ ਕਹਿ ਕੇ ਨਵਾਂ ਰੇੜਕਾ ਖੜ੍ਹਾ ਕਰ ਦਿੱਤਾ ਕਿ ਆਰਐਸਐਸ ਦੇ ਇਕ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਸ਼ਿਵਲਿੰਗ ’ਤੇ ਬੈਠੇ ਬਿੱਛੂ ਨਾਲ ਕੀਤੀ ਹੈ ਤੇ ਇਸ ਟਿੱਪਣੀ ਨੂੰ ਬੇਮਿਸਾਲ ਰੂਪਕ ਦੀ ਵੰਨਗੀ ਕਰਾਰ ਦਿੱਤਾ ਹੈ। ਬੰਗਲੌਰ ਸਾਹਿਤ ਮੇਲੇ ਦੌਰਾਨ ਥਰੂਰ ਵੱਲੋਂ ਕੀਤੀ ਇਸ ਟਿੱਪਣੀ ’ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਸਮੇਤ ਕਈ ਭਾਜਪਾ ਆਗੂਆਂ ਨੇ ਸਖ਼ਤ ਪ੍ਰਤੀਕਿਰਿਆ ਕੀਤੀ ਹੈ ਪਰ ਕਾਂਗਰਸ ਐਮਪੀ ਨੇ ਆਖਿਆ ਕਿ ਇਹ ਟਿੱਪਣੀ ਉਸ ਦੀ ਨਹੀਂ ਸਗੋਂ ਛੇ ਸਾਲਾਂ ਤੋਂ ਜਨਤਕ ਖੇਤਰ ਵਿੱਚ ਤੈਰ ਰਹੀ ਸੀ। ਸ੍ਰੀ ਪ੍ਰਸ਼ਾਦ ਨੇ ਕਿਹਾ ਕਿ ਸ਼ਸ਼ੀ ਥਰੂਰ ਨੇ ਭਗਵਾਨ ਸ਼ਿਵ ਦਾ ਅਪਮਾਨ ਕੀਤਾ ਹੈ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਸ੍ਰੀ ਥਰੂਰ ਨੇ ਸਾਹਿਤ ਮੇਲੇ ਵਿਚ ਤਕਰੀਰ ਕਰਦਿਆਂ ਕਿਹਾ ‘‘ਆਰਐਸਐਸ ਦੇ ਇਕ ਸੂਤਰ ਨੇ ਕਿਸੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਮਾਲ ਦਾ ਰੂਪਕ ਵਰਤਿਆ ਸੀ ਜਿਸ ਵਿਚ ਸ੍ਰੀ ਮੋਦੀ ਨੂੰ ਉਨ੍ਹਾਂ ਦੀ ਬਰਦਾਸ਼ਤ ਕਰਨ ਦੀ ਮਨੋਦਸ਼ਾ ਜ਼ਾਹਰ ਹੁੰਦੀ ਹੈ। ਉਸ ਵਿਅਕਤੀ ਨੇ ਕਿਹਾ ਕਿ ਮੋਦੀ ਇਕ ਅਜਿਹਾ ਬਿੱਛੂ ਹੈ ਜੋ ਸ਼ਿਵਲਿੰਗ ’ਤੇ ਚੜ੍ਹ ਗਿਆ ਹੈ। ਤੁਸੀਂ ਉਸ ਨੂੰ ਹੱਥ ਨਾਲ ਉਤਾਰ ਨਹੀਂ ਸਕਦੇ ਤੇ ਚੱਪਲ ਮਾਰ ਨਹੀਂ ਸਕਦੇ।’’ ਇਸ ਰਿਸ਼ਤੇ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ‘‘ ਜੇ ਤੁਸੀਂ ਬਿੱਛੂ ਨੂੰ ਹੱਥ ਨਾਲ ਉਤਾਰਦੇ ਹੋ ਤਾਂ ਉਹ ਬਹੁਤ ਬੁਰਾ ਡੰਗ ਮਾਰਦਾ ਹੈ ਤੇ ਜੇ ਤੁਸੀਂ ਚੱਪਲ ਚੁੱਕਦੇ ਹੋ ਤਾਂ ਤੁਸੀਂ ਧਾਰਮਿਕ ਮਾਣ ਮਰਿਆਦਾ ਤੋੜਨ ਦੇ ਭਾਗੀ ਕਹਾਉਂਦੇ ਹੋ।’’