ਬੋਗੀਬੀਲ (ਅਸਾਮ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਸਾਮ ਵਿਚ ਡਿਬਰੂਗੜ੍ਹ ਨੇੜੇ ਬੋਗੀਬੀਲ ਵਿਚ ਬ੍ਰਹਮਪੁੱਤਰ ਨਦੀ ਉੱਤੇ ਦੇਸ਼ ਦੇ ਸਭ ਤੋਂ ਲੰਮੇ ਰੇਲ-ਕਮ-ਸੜਕ ਪੁਲ ਦਾ ਉਦਘਾਟਨ ਕੀਤਾ। ਨਵੀਂ ਦਿੱਲੀ ਤੋਂ ਦੁਪਹਿਰ ਸਮੇਂ ਡਿਬਰੂਗੜ੍ਹ ਪੁੱਜਣ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਮੋਦੀ ਹੈਲੀਕਾਪਟਰ ਰਾਹੀਂ ਸਿੱਧਾ ਬੋਗੀਬੀਲ ਲਈ ਰਵਾਨਾ ਹੋਏ ਅਤੇ ਨਦੀ ਦੇ ਦੱਖਣੀ ਕੰਢੇ ਤੋਂ 4.94 ਕਿਲੋਮੀਟਰ ਲੰਮੇ ਡਬਲ-ਡੈਕਰ ਪੁਲ ਦਾ ਉਦਘਾਟਨ ਕੀਤਾ। ਮੋਦੀ ਅਸਾਮ ਦੇ ਰਾਜਪਾਲ ਜਗਦੀਸ਼ ਮੁਖੀ ਅਤੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨਾਲ ਪੁਲ ਉੱਤੇ ਕੁਝ ਮੀਟਰ ਤੱਕ ਚੱਲੇ ਤੇ ਇਸ ਮਗਰੋਂ ਤੀਨਸੁਕੀਆ-ਨਾਹਰਲਾਗੁਨ ਇੰਟਰਸਿਟੀ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾਉਣ ਲਈ ਰਵਾਨਾ ਹੋ ਗਏ। ਇਹ ਰੇਲਗੱਡੀ ਹਫ਼ਤੇ ਵਿੱਚ ਪੰਜ ਦਿਨ ਚੱਲੇਗੀ। ਨਵੇਂ ਪੁਲ ਨਾਲ ਅਸਾਮ ਵਿਚ ਤੀਨਸੁਕੀਆ ਤੋਂ ਅਰੁਣਾਚਲ ਪ੍ਰਦੇਸ਼ ਦੇ ਸ਼ਹਿਰ ਨਾਹਰਲਾਗੁਨ ਤੱਕ ਰੇਲਗੱਡੀ ਦੇ ਸਫ਼ਰ ਦਾ ਸਮਾਂ 10 ਘੰਟਿਆਂ ਤੱਕ ਘਟ ਜਾਵੇਗਾ। ਬ੍ਰਹਮਪੁੱਤਰ ਨਦੀ ਉੱਤੇ ਬਣਿਆ ਇਹ ਪੁਲ ਅਰੁਣਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਲਈ ਕਈ ਪੱਖਾਂ ਤੋਂ ਮਦਦਗਾਰ ਹੋਵੇਗਾ। ਡਿਬਰੂਗੜ੍ਹ ਤੋਂ ਸ਼ੁਰੂ ਹੋ ਕੇ ਇਹ ਪੁਲ ਅਸਾਮ ਦੇ ਧੇਮਾਜੀ ਜ਼ਿਲ੍ਹੇ ਵਿਚ ਮੁੱਕਦਾ ਹੈ। ਇਹ ਪੁਲ ਅਰੁਣਾਚਲ ਪ੍ਰਦੇਸ਼ ਦੇ ਹਿੱਸਿਆਂ ਨੂੰ ਸੜਕ ਦੇ ਨਾਲ-ਨਾਲ ਰੇਲਵੇ ਨਾਲ ਜੋੜੇਗਾ। ਅਸਾਮ ਸਮਝੌਤੇ ਦਾ ਹਿੱਸਾ ਬਣੇ ਬੋਗੀਬੀਲ ਪੁਲ ਨੂੰ ਸਾਲ 1997-98 ਵਿਚ ਮਨਜ਼ੂਰੀ ਦਿੱਤੀ ਗਈ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਪੁਲ ਅਰੁਣਾਚਲ ਪ੍ਰਦੇਸ਼ ਵਿਚ ਭਾਰਤ-ਚੀਨ ਸੀਮਾ ਨੇੜੇ ਰੱਖਿਆ ਗਤੀਵਿਧੀਆਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਪੁਲ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਨੇ 22 ਜਨਵਰੀ 1997 ਨੂੰ ਰੱਖਿਆ ਸੀ ਜਦਕਿ ਇਸ ਉੱਤੇ ਕੰਮ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਅਧੀਨ 21 ਅਪਰੈਲ 2002 ਨੂੰ ਸ਼ੁਰੂ ਹੋਇਆ ਸੀ। ਸਾਲ 2007 ਵਿਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਇਸ ਨੂੁੰ ਕੌਮੀ ਪ੍ਰਾਜੈਕਟ ਐਲਾਨ ਦਿੱਤਾ ਸੀ। 25 ਦਸੰਬਰ ਨੂੰ ਵਾਜਪਾਈ ਦਾ ਜਨਮਦਿਨ ਹੈ। ਇਸ ਪ੍ਰਾਜੈਕਟ ਦੇ ਲਾਗੂ ਹੋਣ ਵਿਚ ਦੇਰੀ ਕਾਰਨ ਇਸਦੀ ਲਾਗਤ 85 ਫੀਸਦੀ ਤੱਕ ਵਧ ਗਈ ਸੀ। ਇਸ ਦੀ ਸੰਭਾਵਿਤ ਲਾਗਤ 3,230.02 ਕਰੋੜ ਰੁਪਏ ਸੀ ਜੋ ਵਧ ਕੇ 5,960 ਕਰੋੜ ਰੁਪਏ ਹੋ ਗਈ। ਫ਼ੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਪੁਲ ਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਇਸ ਨਾਲ ਫ਼ੌਜੀਆਂ ਨੂੰ ਦੱਖਣੀ ਕਿਨਾਰੇ ਤੋਂ ਉੱਤਰੀ ਕਿਨਾਰੇ ਜਾਣ ਵਿਚ ਆਸਾਨੀ ਹੋਵੇਗੀ।
INDIA ਮੋਦੀ ਵੱਲੋਂ ਦੇਸ਼ ਦੇ ਸਭ ਤੋਂ ਲੰਮੇ ਰੇਲ ਤੇ ਸੜਕ ਪੁਲ ਦਾ...