ਮੋਦੀ ਨੇ ਚੋਣਵੇਂ ਉਦਯੋਗਪਤੀਆਂ ਦਾ ਕਰਜ਼ ਮੁਆਫ਼ ਕੀਤਾ: ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ 15 ਚੋਣਵੇਂ ਉਦਯੋਗਪਤੀਆਂ ਦੇ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ ਮੁਆਫ਼ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਵੱਲੋਂ ਫੈਲਾਏ ਭ੍ਰਿਸ਼ਟਾਚਾਰ ਉੱਤੇ ਵੀ ਟਕੋਰਾਂ ਕੀਤੀਆਂ। ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤਹਿਤ ਨਕਸਲੀ ਪ੍ਰਭਾਵਿਤ ਖਿੱਤੇ ਦੀਆਂ 18 ਵਿਧਾਨ ਸਭਾ ਸੀਟਾਂ ਲਈ ਸੋਮਵਾਰ ਨੂੰ ਵੋਟਾਂ ਪੈਣੀਆਂ ਹਨ।
ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿਚ ਲਗਾਤਾਰ ਦੂਜੇ ਦਿਨ ਪ੍ਰਚਾਰ ਕਰਦਿਆਂ ਉਨ੍ਹਾਂ ਸੂਬੇ ਦੇ ਚਿੱਟ ਫੰਡ ਘੁਟਾਲੇ, ਸਿਵਲ ਸਪਲਾਈ ਘੁਟਾਲੇ ਅਤੇ ਮੁੱਖ ਮੰਤਰੀ ਦੇ ਪੁੱਤਰ ਅਭਿਸ਼ੇਕ ਸਿੰਘ ਵੱਲੋਂ ਕੀਤੀ ਨਾਜਾਇਜ਼ ਕਮਾਈ ਲਈ ਮੁੱਖ ਮੰਤਰੀ ਰਮਨ ਸਿੰਘ ਨੂੰ ਨਿਸ਼ਾਨਾ ਬਣਾਇਆ। ਰਾਹੁਲ ਗਾਂਧੀ ਨੇ ਕਿਹਾ,‘ ਪਿਛਲੇ ਚਾਰ ਪੰਜ ਸਾਲਾਂ ਵਿਚ ਮੋਦੀ ਨੇ 15 ਅਮੀਰ ਉਦਯੋਗਪਤੀਆਂ ਨੂੰ ਸਾਢੇ ਤਿੰਨ ਲੱਖ ਕਰੋੜ ਰੁਪਏ ਦੇ ਦਿੱਤੇ ਹਨ ਜਦੋਂ ਕਿ ਦੇਸ਼ ਵਿਚ ਮਗਨਰੇਗਾ ਸਕੀਮ ਨੂੰ ਚਲਾਉਣ ਲਈ ਸਾਲ ਵਿਚ 35000 ਕਰੋੜ ਰੁਪਏ ਦੀ ਲੋੜ ਪੈਂਦੀ ਹੈ। ਉਨ੍ਹਾਂ ਨੇ ਇਸ ਤੋਂ ਦਸ ਗੁਣਾ ਕਰਜ਼ 15 ਉਦਯੋਗਪਤੀਆਂ ਦਾ ਹੀ ਮੁਆਫ਼ ਕਰ ਦਿੱਤਾ ਹੈ। ਮੋਦੀ ਨੇ ਦੇਸ਼ ਦੇ ਖ਼ਜ਼ਾਨੇ ਦੀ ਚਾਬੀ 15 ਉਦਯੋਗਪਤੀਆਂ ਨੂੰ ਸੰਭਾਲ ਦਿੱਤੀ ਹੈ ਅਤੇ ਉਹ ਇਹ ਚਾਬੀ ਦੇਸ਼ ਦੇ ਕਿਸਾਨਾਂ ਨੂੰ ਸੰਭਾਲਣੀ ਚਾਹੁੰਦੇ ਹਨ।’ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼ ਪੰਜ ਸਾਲ ਦੇ ਵਿਚ ਖੇਤੀਬਾੜੀ ਸੈਂਟਰ ਬਣਨ ਅਤੇ ਦੇਸ਼ ਨੂੰ ਖ਼ੁਰਾਕ ਫ਼ਲ ਅਤੇ ਸਬਜ਼ੀਆਂ ਮੁਹਈਆ ਕਰਵਾਉਣ।