ਮੈਰੀਟੋਰੀਅਸ ਸਕੂਲ ’ਚ ਮਾੜੇ ਖਾਣੇ ਦੀ ਸ਼ਿਕਾਇਤ

ਪੰਜਾਬ ਸਰਕਾਰ ਵੱਲੋਂ ਚਲਾਏ ਜਾਂਦੇ ਮੈਰੀਟੋਰੀਅਸ ਸਕੂਲ ਵਿੱਚ ਮਾੜਾ ਖਾਣਾ ਦਿੱਤੇ ਜਾਣ ਦੀਆਂ ਸ਼ਿਕਾਇਤਾਂ ਦੇ ਚੱਲਦਿਆਂ ਸਹਾਇਕ ਪ੍ਰਾਜੈਕਟ ਡਾਇਰੈਕਟਰ ਆਈਪੀਐਸ ਮਲਹੋਤਰਾ ਨੇ ਅੱਜ ਸਕੂਲ ਵਿੱਚ ਛਾਪਾ ਮਾਰਿਆ ਤੇ ਜਾਂਚ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਵੱਲੋਂ ਮੈਰੀਟੋਰੀਅਸ ਸਕੂਲ ਵਿਚ ਮਾੜਾ ਖਾਣਾ ਦਿੱਤੇ ਜਾਣ ਦੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ। ਸ਼ਿਕਾਇਤਾਂ ਦੇ ਬਾਵਜੂਦ ਖਾਣੇ ਦੀ ਗੁਣਵੱਤਾ ਵਿਚ ਕੋਈ ਸੁਧਾਰ ਨਹੀਂ ਸੀ ਹੋਇਆ। ਮਾੜੇ ਖਾਣੇ ਸਬੰਧੀ ਸ਼ਿਕਾਇਤਾਂ ਜਦੋਂ ਚੰਡੀਗੜ੍ਹ ਮੁੱਖ ਦਫਤਰ ਪਹੁੰਚੀਆਂ ਤਾਂ ਪ੍ਰਬੰਧਕਾਂ ਨੂੰ ਵੀ ਭਾਜੜਾਂ ਪੈ ਗਈਆਂ। ਸਹਾਇਕ ਪ੍ਰਾਜੈਕਟ ਡਾਇਰੈਕਟਰ ਸ੍ਰੀ ਮਲਹੋਤਰਾ ਨੇ ਅੱਜ ਸਾਰਾ ਦਿਨ ਸਕੂਲ ਵਿੱਚ ਬਿਤਾਇਆ ਅਤੇ ਬੱਚਿਆਂ ਤੋਂ ਖਾਣਾ ਬਾਰੇ ਪੁੱਛਗਿਛ ਕੀਤੀ। ਵਿਦਿਆਰਥੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਥੇ ਉਨ੍ਹਾਂ ਨੂੰ ਬੇਹਾ ਖਾਣਾ ਅਤੇ ਘਟੀਆ ਪੱਧਰ ਦੇ ਫਲ, ਦਹੀਂ ਅਤੇ ਸਬਜ਼ੀਆਂ ਪਰੋਸੀਆਂ ਜਾਂਦੀਆਂ ਹਨ। ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਮਾੜੇ ਖਾਣੇ ਕਾਰਨ ਉਨ੍ਹਾਂ ਦੇ ਢਿੱਡ ਵਿਚ ਹਮੇਸ਼ਾ ਪੀੜ ਉੱਠਦੀ ਰਹਿੰਦੀ ਹੈ। ਬਾਰ੍ਹਵੀਂ ਜਮਾਤ ਵਿਚ ਨਾਨ ਮੈਡੀਕਲ ਦੇ ਵਿਦਿਆਰਥੀ ਕਰਨਵੀਰ ਸਿੰਘ ਨੇ ਦੱਸਿਆ ਕਿ ਮਾੜੇ ਖਾਣੇ ਨਾਲ ਉਸ ਦੀ ਸਿਹਤ ਖਰਾਬ ਰਹਿੰਦੀ ਸੀ ਤੇ ਅਕਸਰ ਹੀ ਉਸ ਦੇ ਪੇਟ ਵਿਚ ਦਰਦ ਉਠਦਾ ਰਹਿੰਦਾ ਸੀ। ਕਈ ਵਿਦਿਆਰਥੀਆਂ ਨੇ ਸ੍ਰੀ ਮਲਹੋਤਰਾ ਨੂੰ ਦੱਸਿਆ ਕਿ ਮਾੜੇ ਖਾਣੇ ਬਾਰੇ ਦੋਸਤਾਂ ਅਤੇ ਮਿਲਣ ਆਏ ਮਾਪਿਆਂ ਨਾਲ ਗੱਲ ਕਰਨ ’ਤੇ ਉਨ੍ਹਾਂ ਦੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਮੂਲੋਂ ਰੱਦ ਕੀਤਾ ਹੈ। ਬੱਚਿਆਂ ਨੇ ਦੱਸਿਆ ਕਿ ਕਈ ਵਿਦਿਆਰਥੀ ਮਾੜੇ ਖਾਣੇ ਤੋਂ ਦੁਖੀ ਹੋ ਕੇ ਛੁੱਟੀ ਲੈ ਕੇ ਚਲੇ ਗਏ ਹਨ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਖਾਣੇ ਵਿਚ ਸੁਧਾਰ ਨਹੀਂ ਹੁੰਦਾ ਉਹ ਇਥੇ ਆਪਣੀ ਪੜ੍ਹਾਈ ਸ਼ੁਰੂ ਨਹੀਂ ਕਰ ਸਕਦੇ। ਗਿਆਰ੍ਹਵੀਂ ਜਮਾਤ ’ਚ ਪੜ੍ਹਦੀ ਇਕ ਲੜਕੀ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਆ ਕੇ ਇਥੇ ਪੜ੍ਹਦੀ ਹੈ। ਮਾੜੇ ਖਾਣੇ ਕਾਰਨ ਉਹ ਬਿਮਾਰ ਹੋ ਗਈ ਸੀ। ਇਥੇ ਰਹਿੰਦੇ ਵਿਦਿਆਰਥੀਆਂ ਨਾਲ ਬੜਾ ਭੈੜਾ ਸਲੂਕ ਕੀਤਾ ਜਾਂਦਾ ਹੈ। ਪਰ ਬੱਚਿਆਂ ਕੋਲ ਹੋਰ ਕੋਈ ਬਦਲ ਨਹੀਂ ਹੈ ਤੇ ਉਹ ਆਪਣੀ ਪੜ੍ਹਾਈ ਵਿਚਾਲੇ ਨਹੀਂ ਛੱਡ ਸਕਦੇ। ਸ੍ਰੀ ਮਲਹੋਤਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿਸੇ ਵਿਅਕਤੀ ਨੇ ਮੈਰੀਟੋਰੀਅਸ ਸਕੂਲ ਵਿਚ ਮਿਲਦੇ ਮਾੜੇ ਖਾਣੇ ਸਬੰਧੀ 25 ਜਨਵਰੀ ਨੂੰ ਈਮੇਲ ’ਤੇ ਸ਼ਿਕਾਇਤ ਭੇਜੀ ਸੀ। ਇਸ ਸ਼ਿਕਾਇਤ ’ਤੇ ਤੁਰੰਤ ਅਮਲ ਕਰਦਿਆਂ ਖਾਣੇ ਦੀ ਜਾਂਚ ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੈੱਸ ਦੇ ਠੇਕੇਦਾਰ ਨਾਲ ਵੀ ਗੱਲਬਾਤ ਕੀਤੀ ਗਈ ਹੈ। ਜੋ ਕੁਝ ਖਾਣੇ ਵਿਚ ਦਿੱਤਾ ਜਾਂਦਾ ਹੈ ਉਸ ਵਿਚ ਵੀ ਬਦਲਾਅ ਕੀਤਾ ਗਿਆ ਹੈ। ਹੋਸਟਲ ਵਾਰਡਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਰਿਪੋਰਟ ਕਰੇਗਾ ਤੇ ਹਫ਼ਤੇ ਵਿਚ ਇਕ ਵਾਰ ਉਹ ਵੀ ਵਿਦਿਆਰਥੀਆਂ ਨਾਲ ਗੱਲ ਕਰਨਗੇ। ਵਿਦਿਆਰਥੀਆਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਪਹਿਲ ਦੇ ਅਧਾਰ ’ਤੇ ਯਤਨ ਆਰੰਭ ਦਿੱਤੇ ਗਏ ਹਨ।