ਮੁਹਾਲੀ ਦੇ ਹੋਟਲ ਵਿੱਚ ਖੇਡ ਪ੍ਰਮੋਟਰ ਦੀ ਮੌਤ

ਫੇਜ਼-11 ਵਿੱਚ ਸਥਿਤ ਇੱਕ ਹੋਟਲ ਵਿੱਚ ਯੂਥ ਖੇਡ ਪ੍ਰਮੋਟਰ ਨੌਜਵਾਨ ਦੀ ਗੋਲੀ ਲੱਗਣ ਕਾਰਨ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਰਬਜੀਤ ਸਿੰਘ ਗਰੇਵਾਲ ਉਰਫ਼ ਸਰਬੀ ਗਰੇਵਾਲ (25) ਵਾਸੀ ਪਿੰਡ ਕੂਮਕਲਾਂ (ਜ਼ਿਲ੍ਹਾ ਲੁਧਿਆਣਾ) ਵਜੋਂ ਹੋਈ ਹੈ। ਉਹ ਆਪਣੇ ਤਿੰਨ ਦੋਸਤਾਂ ਜਸਕੀਰਤ ਸਿੰਘ, ਰਵਿੰਦਰ ਸਿੰਘ ਅਤੇ ਗੁਰਪਿਆਰ ਸਿੰਘ ਵਾਸੀ ਪਿੰਡ ਕੋਕਰੀ ਬਹਿਣੀਵਾਲ (ਮੋਗਾ) ਨਾਲ ਮੁਹਾਲੀ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਸ਼ੋਅ ਦੇਖਣ ਲਈ ਆਇਆ ਸੀ ਅਤੇ ਉਸ ਸਾਰੇ ਫੇਜ਼-11 ਦੇ ਹੋਟਲ ਵਿੱਚ ਠਹਿਰੇ ਹੋਏ ਸਨ। ਗਰੇਵਾਲ ਨੂੰ ਗੋਲੀ ਲੱਗਣ ਤੋਂ ਬਾਅਦ ਉਸ ਦੇ ਦੋਸਤ ਉਸ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਕਾਫੀ ਘਬਰਾ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ। ਫੇਜ਼-11 ਦੇ ਐਸਐਚਓ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਤਿੰਨ ਸਾਥੀਆਂ ਸਮੇਤ ਹੋਟਲ ਦੇ ਮੈਨੇਜਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ। ਮੁਹਾਲੀ ਪੁਲੀਸ ਨੇ ਇਸ ਦੁਖਾਂਤ ਬਾਰੇ ਖੇਡ ਪ੍ਰਮੋਟਰ ਦੇ ਪਰਿਵਾਰਕ ਮੈਂਬਰਾਂ ਨੂੰ ਇਤਲਾਹ ਦਿੱਤੀ ਅਤੇ ਸਰਬਜੀਤ ਸਿੰਘ ਦਾ ਪਿਤਾ ਹਰਪਾਲ ਸਿੰਘ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਮੁਹਾਲੀ ਪਹੁੰਚ ਗਏ। ਪੁਲੀਸ ਅਨੁਸਾਰ ਜਿਸ ਪਿਸਤੌਲ ’ਚੋਂ ਗੋਲੀ ਚੱਲਣ ਕਾਰਨ ਗਰੇਵਾਲ ਦੀ ਮੌਤ ਹੋਈ ਹੈ ਉਹ ਪਿਸਤੌਲ ਜੋਧਾ ਨਾਂ ਦੇ ਵਿਅਕਤੀ ਦਾ ਹੈ। ਸਰਬਜੀਤ ਸਿੰਘ ਅਤੇ ਉਸ ਦੇ ਦੋਸਤ ਹਥਿਆਰ ਲੈ ਕੇ ਮੁਹਾਲੀ ਆਏ ਸਨ, ਜੋ ਕਿ ਗੈਰਕਾਨੂੰਨੀ ਹੈ। ਪੁਲੀਸ ਨੇ ਹੋਟਲ ਦੇ ਕਰਮਚਾਰੀਆਂ ਨੂੰ ਘਟਨਾਕ੍ਰਮ ਦੇ ਸਬੂਤ ਮਿਟਾਉਣ ਦਾ ਦੋਸ਼ੀ ਪਾਇਆ ਹੈ। ਵੇਰਵਿਆਂ ਅਨੁਸਾਰ ਅਚਾਨਕ ਰਾਤ ਨੂੰ ਸਰਬਜੀਤ ਸਿੰਘ ਕੋਲੋਂ ਪਿਸਤੌਲ ’ਚੋਂ ਗੋਲੀ ਚੱਲ ਗਈ, ਜੋ ਕਿ ਉਸਦੇ ਮੋਢੇ ’ਤੇ ਲੱਗੀ। ਪੀਜੀਆਈ ਦੇ ਡਾਕਟਰਾਂ ਨੇ ਸਰਬਜੀਤ ਨੂੰ ਮ੍ਰਿਤਕ ਐਲਾਨ ਦਿੱਤਾ। ਅੱਜ ਸਵੇਰੇ ਪੁਲੀਸ ਨੂੰ ਪੀਜੀਆਈ ਤੋਂ ਇਸ ਘਟਨਾ ਬਾਰੇ ਇਤਲਾਹ ਭੇਜੀ ਗਈ ਅਤੇ ਸੂਚਨਾ ਮਿਲਦੇ ਹੀ ਪੁਲੀਸ ਦੀ ਟੀਮ ਪੀਜੀਆਈ ਪਹੁੰਚ ਗਈ ਅਤੇ ਦੂਜੀ ਟੀਮ ਨੇ ਹੋਟਲ ਵਿੱਚ ਜਾ ਕੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਉਹ ਹੋਟਲ ਵਿੱਚ ਪਹੁੰਚੇ ਤਾਂ ਜਿਸ ਕਮਰੇ ਵਿੱਚ ਸਰਬਜੀਤ ਨੂੰ ਗੋਲੀ ਵੱਜੀ ਸੀ ਉਸ ਕਮਰੇ ’ਚੋਂ ਹੋਟਲ ਦੇ ਕਰਮਚਾਰੀਆਂ ਵੱਲੋਂ ਪਹਿਲਾਂ ਹੀ ਖੂਨ ਦੇ ਛਿੱਟੇ ਸਾਫ਼ ਕਰ ਦਿੱਤੇ ਗਏ ਸਨ। ਇਹੀ ਨਹੀਂ ਹੋਟਲ ਦੇ ਪ੍ਰਬੰਧਕਾਂ ਜਾਂ ਮੈਨੇਜਰ ਵੱਲੋਂ ਪੁਲੀਸ ਨੂੰ ਹਾਦਸੇ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ। ਪੁਲੀਸ ਨੇ ਸਰਬਜੀਤ ਦੇ ਦੋਸਤਾਂ ਜਸਕਿਰਤ ਸਿੰਘ, ਰਵਿੰਦਰ ਸਿੰਘ, ਗੁਰਪਿਆਰ ਸਿੰਘ, ਹੋਟਲ ਮੈਨੇਜਰ ਪ੍ਰਵੀਨ ਕੁਮਾਰ ਵਾਸੀ ਪਿੰਡ ਧਨਾਸ (ਚੰਡੀਗੜ੍ਹ) ਅਤੇ ਹਾਊਸਕੀਪਰ ਅਮਿਤ ਕੁਮਾਰ ਵਾਸੀ ਅੰਬ ਸਾਹਿਬ ਕਲੋਨੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।