ਮੁਹਾਲੀ ਦੇ ਕਾਰੋਬਾਰੀ ਦੀ ਭੇਤ ਭਰੀ ਹਾਲਤ ’ਚ ਮੌਤ

ਉਦਯੋਗਿਕ ਖੇਤਰ ਫੇਜ਼-1 ਸਥਿਤ ਲੋਹੇ ਦੀ ਫੈਕਟਰੀ ਵਿੱਚ ਵੀਰਵਾਰ ਨੂੰ ਇੱਕ ਕਾਰੋਬਾਰੀ ਵਿਅਕਤੀ ਦੀ ਭੇਤ ਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਗਿੰਦਰ ਕੁਮਾਰ (37) ਵਾਸੀ ਆਦਰਸ਼ ਕਲੋਨੀ ਬਲੌਂਗੀ ਵਜੋਂ ਹੋਈ ਹੈ। ਉਹ ਪਿੱਛੋਂ ਯੂਪੀ ਦਾ ਰਹਿਣ ਵਾਲਾ ਹੈ।
ਨਗਿੰਦਰ ਪਿਛਲੇ ਛੇ ਸਾਲਾਂ ਤੋਂ ਬਲੌਂਗੀ ਵਿੱਚ ਆਪਣੀ ਪਤਨੀ ਬਬੀਤਾ ਰਾਣੀ ਅਤੇ ਦੋ ਬੱਚਿਆਂ ਨਾਲ ਰਹਿ ਰਿਹਾ ਸੀ। ਨਗਿੰਦਰ ਦਾ ਸ਼ਟਰਿੰਗ ਦਾ ਕੰਮ ਹੈ। ਉਹ ਗੇਟ ਅਤੇ ਗਰਿੱਲਾਂ ਬਣਾਉਣ ਦਾ ਕੰਮ ਕਰਦਾ ਸੀ ਅਤੇ ਅਕਸਰ ਲੋਹੇ ਦੀ ਫੈਕਟਰੀ ਵਿੱਚ ਆਉਂਦਾ ਜਾਂਦਾ ਸੀ। ਪੁਲੀਸ ਫਿਲਹਾਲ ਇਸ ਘਟਨਾ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ। ਪੁਲੀਸ ਦਾ ਮੰਨਣਾ ਹੈ ਕਿ ਨਗਿੰਦਰ ਨੇ ਆਪਣੇ ਉੱਤੇ ਪੈਟਰੋਲ ਛਿੜਕ ਕੇ ਅੱਗ ਲਾਈ ਹੈ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸੇ ਦੌਰਾਨ ਨਗਿੰਦਰ ਦੀ ਪਤਨੀ ਬਬੀਤਾ ਰਾਣੀ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਉਸ ਦੇ ਪਤੀ ਨੇ ਖ਼ੁਦਕੁਸ਼ੀ ਕੀਤੀ ਹੈ। ਪਤਨੀ ਨੇ ਸੱਚ ਜਾਣਨ ਲਈ ਇਸ ਸਮੁੱਚੇ ਘਟਨਾਕ੍ਰਮ ਦੀ ਜਾਂਚ ਮੰਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਿੰਦਰ ਕੁਮਾਰ ਅੱਜ ਸਵੇਰੇ ਕਰੀਬ ਅੱਠ ਵਜੇ ਆਪਣੇ ਐਕਟਿਵਾ ’ਤੇ ਫੈਕਟਰੀ ਵਿੱਚ ਕਿਸੇ ਕੰਮ ਲਈ ਆਇਆ ਸੀ। ਫੈਕਟਰੀ ਮਾਲਕ ਹਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਨੌਕਰ ਸਵੇਰੇ ਸਾਢੇ ਅੱਠ ਵਜੇ ਫੈਕਟਰੀ ਵਿੱਚ ਆਇਆ ਸੀ। ਉਸ ਨੇ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਤਾਂ ਦੇਖਿਆ ਕਿ ਇੱਕ ਵਿਅਕਤੀ ਅੱਗ ਨਾਲ ਸੜ ਰਿਹਾ ਸੀ। ਨੌਕਰ ਨੇ ਤੁਰੰਤ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਸੜ ਰਹੇ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਪਰ ਅੱਗ ਅਜੇ ਲੱਗੀ ਹੋਈ ਸੀ। ਉਸ ਨੇ ਘਟਨਾ ਸਬੰਧੀ ਪੁਲੀਸ ਨੂੰ ਫੋਨ ਕੀਤਾ ਪਰ ਨੰਬਰ ਨਹੀਂ ਲੱਗਿਆ। ਇਸ ਤੋਂ ਬਾਅਦ ਉਸ ਨੇ ਆਪਣੇ ਇੱਕ ਜਾਣਕਾਰ ਪੁਲੀਸਮੁਲਾਜ਼ਮ ਨਾਲ ਸੰਪਰਕ ਕੀਤਾ ਤੇ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚੇ ਗਏ। ਮੌਕੇ ’ਤੇ ਮੌਜੂਦ ਮ੍ਰਿਤਕ ਨਗਿੰਦਰ ਦੇ ਗੁਆਂਢੀ ਅਤੇ ਬਲੌਂਗੀ ਵਿੱਚ ਕਰਿਆਣਾ ਦੀ ਦੁਕਾਨ ਕਰਦੇ ਉਪਿੰਦਰ ਕੁਮਾਰ ਨੇ ਦੱਸਿਆ ਕਿ ਸਵੇਰੇ ਸੱਤ ਵਜੇ ਨਗਿੰਦਰ ਉਸ ਕੋਲ ਆਇਆ ਸੀ ਅਤੇ ਉਸ ਨੂੰ 10 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਸੀ। ਨਗਿੰਦਰ ਨੇ ਉਸ ਤੋਂ ਕਈ ਮਹੀਨੇ ਪਹਿਲਾਂ ਲੱਖ ਰੁਪਏ ਉਧਾਰ ਲਏ ਸਨ। ਘਟਨਾ ਸਥਾਨ ’ਤੇ ਨਗਿੰਦਰ ਨੇ ਆਪਣੇ ਹੱਥ ਨਾਲ ਮਿੱਟੀ ਵਿੱਚ ਕੁਝ ਰਕਮਾਂ ਵੀ ਲਿਖੀਆਂ ਹੋਈਆਂ ਸਨ। ਪੁਲੀਸ ਦਾ ਮੰਨਣਾ ਹੈ ਕਿ ਸ਼ਾਇਦ ਉਸ ਨੇ ਪੈਸਿਆਂ ਦੇ ਲੈਣ-ਦੇਣ ਦੇ ਚੱਕਰ ਵਿੱਚ ਆਤਮਹੱਤਿਆ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਨਗਿੰਦਰ ਨੇ ਮਰਨ ਤੋਂ ਪਹਿਲਾਂ ਆਪਣੇ ਕਿਸੇ ਦੋਸਤ ਨਾਲ ਫੋਨ ’ਤੇ ਗੱਲ ਵੀ ਕੀਤੀ ਸੀ। ਦੋਸਤ ਅਤੁਲ ਕੁਮਾਰ ਦਾ ਕਹਿਣਾ ਹੈ ਕਿ ਉਹ ਬਨੂੜ ਜਾਣ ਵੇਲੇ ਮੁਹਾਲੀ ਆਇਆ ਸੀ ਤਾਂ ਇੱਥੇ ਆ ਕੇ ਦੇਖਿਆ ਕਿ ਨਗਿੰਦਰ ਦੀ ਮੌਤ ਹੋ ਚੁੱਕੀ ਸੀ।