ਮੁਕਾਬਲੇ ’ਚ ਚਾਰ ਅਤਿਵਾਦੀ ਤੇ ਇਕ ਫੌ਼ਜੀ ਹਲਾਕ

ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਹੋਏ ਮੁਕਾਬਲੇ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਚਾਰ ਅਤਿਵਾਦੀ ਤੇ ਫ਼ੌਜ ਦਾ ਇਕ ਜਵਾਨ ਮਾਰੇ ਗਏ ਹਨ। ਦੋ ਫ਼ੌਜੀ ਜਵਾਨ ਜ਼ਖ਼ਮੀ ਹੋ ਗਏ ਹਨ। ਪੁਲੀਸ ਦੇ ਇਕ ਤਰਜਮਾਨ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਸ਼ੋਪੀਆਂ ਦੇ ਨਦੀਗਾਮ ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਪੁਖ਼ਤਾ ਸੂਹ ਮਿਲੀ ਸੀ ਜਿਸ ’ਤੇ ਉਨ੍ਹਾਂ ਮੰਗਲਵਾਰ ਸਵੇਰੇ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਛੁਪੇ ਹੋਏ ਅਤਿਵਾਦੀਆਂ ਨੇ ਸੁਰੱਖਿਆ ਦਸਤਿਆਂ ’ਤੇ ਗੋਲੀ ਚਲਾ ਦਿੱਤੀ। ਸੁਰੱਖਿਆ ਦਸਤਿਆਂ ਨੇ ਵੀ ਜਵਾਬੀ ਫਾਇਰਿੰਗ ਕੀਤੀ। ਦੁਵੱਲੀ ਗੋਲੀਬਾਰੀ ਵਿਚ ਇਕ ਜਵਾਨ ਵਿਜੈ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਮੌਤ ਹੋ ਗਈ। ਮੁਕਾਬਲੇ ਵਿਚ ਚਾਰ ਅਤਿਵਾਦੀ ਵੀ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਮੁਕਾਬਲੇ ਵਾਲੀ ਥਾਂ ਤੋਂ ਮਿਲੀਆਂ ਹਨ। ਇਨ੍ਹਾਂ ਦੀ ਪਛਾਣ ਆਬਿਦ ਨਜ਼ੀਰ ਚੋਪਾਨ, ਬਸ਼ਾਰਤ ਨੇਂਗਰੂ, ਮਹਿਰਾਜੂਦੀਨ ਨਜਰ ਅਤੇ ਮਲਿਕਜ਼ਾਦਾ ਇਨਾਮ-ਉਲ-ਹੱਕ ਵਜੋਂ ਹੋਈ ਹੈ। ਇਹ ਸਾਰ ਹਿਜ਼ਬੁਲ ਮੁਜਾਹਿਦੀਨ ਦੇ ਕਾਰਕੁਨ ਦੱਸੇ ਜਾਂਦੇ ਹਨ। ਇਸ ਦੌਰਾਨ, ਅੱਜ ਸਵੇਰੇ ਅਨੰਤਨਾਗ ਜ਼ਿਲੇ ਵਿਚ ਇਕ ਵੱਖਵਾਦੀ ਆਗੂ ਹਫ਼ੀਜ਼ੁੱਲ੍ਹਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ।