ਮਿਸ਼ੇਲ ਨੇ ‘ਸ੍ਰੀਮਤੀ ਗਾਂਧੀ’ ਦਾ ਨਾਮ ਲਿਆ

ਵੀਵੀਆਈਪੀ ਹੈਲੀਕਾਪਟਰ ਸੌਦਾ

* ‘ਸ੍ਰੀਮਤੀ ਗਾਂਧੀ’ ਬਾਰੇ ਸਵਾਲਾਂ ਨਾਲ ਨਜਿੱਠਣ ਲਈ ਪਰਚੀਆਂ ਰਾਹੀਂ ਵਕੀਲ ਤੋਂ ਲਈ ਸਲਾਹ
* ਅਦਾਲਤ ਨੇ ਹਿਰਾਸਤ ’ਚ ਮਿਸ਼ੇਲ ਨੂੰ ਵਕੀਲਾਂ ਨਾਲ ਮਿਲਣ ਤੋਂ ਰੋਕਿਆ

ਅਗਸਤਾਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਕੇਸ ’ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਾਅਵਾ ਕੀਤਾ ਕਿ ਵਿਚੋਲੇ ਕ੍ਰਿਸਟੀਅਨ ਮਿਸ਼ੇਲ ਨੇ ਹਿਰਾਸਤ ਦੌਰਾਨ 27 ਦਸੰਬਰ ਨੂੰ ਪੁੱਛ-ਗਿੱਛ ਸਮੇਂ ‘ਸ੍ਰੀਮਤੀ ਗਾਂਧੀ’ ਦਾ ਨਾਮ ਲਿਆ। ਮਿਸ਼ੇਲ ਦੇ ਰਿਮਾਂਡ ’ਚ ਵਾਧੇ ਦੀ ਅਰਜ਼ੀ ’ਤੇ ਸੁਣਵਾਈ ਦੌਰਾਨ ਈਡੀ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ‘ਇਤਾਲਵੀ ਮਹਿਲਾ ਦੇ ਪੁੱਤਰ’ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਕਿਵੇਂ ਉਹ ਮੁਲਕ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਹੈ। ਉਂਜ ਈਡੀ ਨੇ ਸਿੱਧੇ ਸਿੱਧੇ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦਾ ਨਾਮ ਨਹੀਂ ਲਿਆ ਹੈ। ਇਸ ਦੌਰਾਨ ਈਡੀ ਨੇ ਅਦਾਲਤ ਤੋਂ ਮੰਗ ਕੀਤੀ ਕਿ ਮਿਸ਼ੇਲ ਨੂੰ ਹਿਰਾਸਤ ਸਮੇਂ ਵਕੀਲਾਂ ਨਾਲ ਮਿਲਣ ਤੋਂ ਰੋਕਿਆ ਜਾਵੇ ਕਿਉਂਕਿ ਉਹ ਬਾਹਰੋਂ ਆਪਣੇ ਵਕੀਲਾਂ ਤੋਂ ਸਲਾਹ ਲੈ ਰਿਹਾ ਹੈ। ਇਸ ’ਤੇ ਅਦਾਲਤ ਨੇ ਮਿਸ਼ੇਲ ਦੇ ਵਕੀਲਾਂ ਨਾਲ ਮੁਲਾਕਾਤ ਕਰਨ ’ਤੇ ਪਾਬੰਦੀ ਲਗਾ ਦਿੱਤੀ। ਈਡੀ ਨੇ ਕਿਹਾ ਕਿ ਮੈਡੀਕਲ ਜਾਂਚ ਦੌਰਾਨ ਮੁਲਜ਼ਮ ਨੇ ਆਪਣੇ ਵਕੀਲ ਅਲਜੋ ਜੋਜ਼ਫ਼ ਨੂੰ ਇਕ ਕਾਗਜ਼ ਸੌਂਪਿਆ ਜਿਸ ’ਤੇ ਈਡੀ ਦੇ ਅਧਿਕਾਰੀਆਂ ਦੀ ਨਜ਼ਰ ਪੈ ਗਈ। ਕਾਗਜ਼ ਦੀ ਜਾਂਚ ਕਰਨ ’ਤੇ ਖ਼ੁਲਾਸਾ ਹੋਇਆ ਕਿ ‘ਸ੍ਰੀਮਤੀ ਗਾਂਧੀ’ ਬਾਰੇ ਸਵਾਲਾਂ ਨਾਲ ਕਿਵੇਂ ਨਜਿੱਠਣਾ ਹੈ। ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਸਬੂਤਾਂ ਨਾਲ ਛੇੜਛਾੜ ਜਾਂ ਬਚਾਉਣ ਦੀ ਸਾਜ਼ਿਸ਼ ਘੜੀ ਗਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਮੁਲਜ਼ਮ ਨੂੰ ਕਾਨੂੰਨੀ ਪਹੁੰਚ ਦੀ ਦਿੱਤੀ ਛੋਟ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਅਦਾਲਤ ਨੇ ਨਿਰਦੇਸ਼ ਦਿੱਤੇ ਕਿ ਬਚਾਅ ਪੱਖ ਦੇ ਤਿੰਨ ਵਕੀਲਾਂ ’ਚੋਂ ਇਕ-ਇਕ ਕਰਕੇ ਹੀ ਉਹ ਮਿਸ਼ੇਲ ਨੂੰ ਮਿਲ ਸਕਦੇ ਹਨ ਅਤੇ ਦਿਨ ’ਚ ਸਵੇਰੇ 10 ਵਜੇ ਤੇ ਸ਼ਾਮ 5 ਵਜੇ ਹੀ 15 ਮਿੰਟਾਂ ਲਈ ਕਾਨੂੰਨੀ ਸਹਾਇਤਾ ਮਿਲ ਸਕਦੀ ਹੈ। ਵਕੇਸ਼ਨ ਜੱਜ ਚੰਦਰਸ਼ੇਖਰ ਨੇ ਮਿਸ਼ੇਲ ਦਾ ਈਡੀ ਕੋਲ ਰਿਮਾਂਡ ਸੱਤ ਦਿਨਾਂ ਲਈ ਵਧਾ ਦਿੱਤਾ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਰਜ਼ੀ ’ਚ ਕਿਹਾ ਕਿ ਸਾਜ਼ਿਸ਼ ਦੇ ਪਰਦਾਫ਼ਾਸ਼ ਅਤੇ ਉਸ ਦੇ ਸਾਥੀਆਂ ਦੀ ਸ਼ਨਾਖ਼ਤ ਲਈ ਮਿਸ਼ੇਲ ਦੀ ਹਿਰਾਸਤ ’ਚ ਵਾਧਾ ਕਰਨ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਆਪਣੇ ਅਤੇ ਸਾਥੀਆਂ ਨੂੰ ਬਚਾਉਣ ਲਈ ਨਵੇਂ ਬਹਾਨੇ ਘੜਨ ਦੀ ਕੋਸ਼ਿਸ਼ ਕਰ ਰਿਹਾ ਹੈ।