ਮਾਨਸਾ ਵਿਚ ਨੌਜਵਾਨ ਨੂੰ ਗੋਲੀਆਂ ਮਾਰੀਆਂ, ਹਾਲਤ ਗੰਭੀਰ

ਮਾਨਸਾ- ਇੱਥੇ ਅੱਜ ਸ਼ਾਮ ਲਿੰਕ ਰੋਡ ਸਥਿਤ ਪੈਟਰੋਲ ਪੰਪ ਨੇੜੇ ਕੁਝ ਵਿਅਕਤੀਆਂ ਨੇ ਕਾਰ ਸਵਾਰ ਇਕ ਨੌਜਵਾਨ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਨੌਜਵਾਨ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਇੱਥੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਜ਼ਖ਼ਮੀ ਨੌਜਵਾਨ ਦੇ ਦੱਸਣ ਮੁਤਾਬਿਕ ਉਸ ਨੂੰ ਜਿਹੜੇ ਵਿਅਕਤੀਆਂ ਨੇ ਗੋਲੀਆਂ ਮਾਰੀਆਂ ਹਨ, ਉਨ੍ਹਾਂ ਨਾਲ ਕੁਝ ਦਿਨਾਂ ਤੋਂ ਤਕਰਾਰ ਚੱਲ ਰਿਹਾ ਸੀ। ਉਧਰ, ਸਿਵਲ ਹਸਪਤਾਲ ਵਿਚ ਮੌਕੇ ’ਤੇ ਕੋਈ ਡਾਕਟਰ ਨਾ ਹੋਣ ਕਰਕੇ ਦਰਜਾ ਚਾਰ ਮੁਲਾਜ਼ਮ ਹੀ ਜ਼ਖ਼ਮੀ ਨੌਜਵਾਨ ਨੂੰ ਪੱਟੀਆਂ ਕਰਦੇ ਦੇਖੇ ਗਏ। ਜਾਣਕਾਰੀ ਅਨੁਸਾਰ ਨੌਜਵਾਨ ਰਾਜੂ ਘਰਾਂਗਣਾ ਸ਼ਾਮ ਨੂੰ ਆਪਣੇ ਕਿਸੇ ਦੋਸਤ ਨੂੰ ਛੱਡ ਕੇ ਪੈਟਰੋਲ ਪੰਪ ਨੇੜੇ ਆਪਣੀ ਕਾਰ ਵਿਚ ਬੈਠਣ ਲੱਗਿਆ ਤਾਂ ਮੋਟਰਸਾਈਕਲ ਸਵਾਰ ਕੁਝ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਵਰ੍ਹਾ ਦਿੱਤੀਆਂ। ਦੋ ਗੋਲੀਆਂ ਉਸ ਦੀ ਪਿੱਠ ਅਤੇ ਦੋ ਗੋਲੀਆਂ ਉਸ ਦੀਆਂ ਬਾਂਹਾਂ ਵਿਚ ਲੱਗੀਆਂ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਮੋਟਰਸਾਈਕਲ ’ਤੇ ਸਨ ਤੇ ਉਨ੍ਹਾਂ ਦੇ ਨਾਲ-ਨਾਲ ਇਕ ਲਾਲ ਰੰਗ ਦੀ ਕਾਰ ਵੀ ਆ ਰਹੀ ਸੀ, ਜਿਸ ’ਤੇ ਤੀਜਾ ਵਿਅਕਤੀ ਬੈਠਾ ਸੀ। ਹਮਲੇ ਮਗਰੋਂ ਸਾਰੇ ਫ਼ਰਾਰ ਹੋ ਗਏ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਪੀਜੀਆਈ, ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਥਾਣਾ ਸਿਟੀ-2 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਇਸ ਮਗਰੋਂ ਡੀਐੱਸਪੀ ਸਿਮਰਨਜੀਤ ਸਿੰਘ ਲੰਗ ਤੇ ਥਾਣਾ ਸਿਟੀ-2 ਦੇ ਮੁਖੀ ਅਮਨਦੀਪ ਸਿੰਘ ਪੁਲੀਸ ਪਾਰਟੀ ਸਮੇਤ ਸਿਵਲ ਹਸਪਤਾਲ ਪੁੱਜੇ। ਮਾਨਸਾ ਦੇ ਡੀਐੱਸਪੀ ਸਿਮਰਨਜੀਤ ਸਿੰਘ ਲੰਗ ਨੇ ਕਿਹਾ ਕਿ ਹਮਲਾਵਰ ਛੇਤੀ ਹੀ ਫੜ ਲਏ ਜਾਣਗੇ।