ਮਾਛੀਵਾੜਾ ਸ਼ਹਿਰ ਦੇ ਜੰਮਪਲ ਅਭੀ ਬਰਾੜ (21), ਜੋ ਅਮਰੀਕਾ ਵਿੱਚ ਪੜ੍ਹਾਈ ਲਈ ਗਿਆ ਸੀ, ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਉਸਦੀ ਲਾਸ਼ ਕਾਰ ’ਚੋਂ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਨਿਵਾਸੀ ਜਗਜੀਤ ਸਿੰਘ ਬਰਾੜ ਦਾ ਪੁੱਤਰ ਅਭੀ ਬਰਾੜ ਕਰੀਬ 5 ਸਾਲ ਪਹਿਲਾਂ ਅਮਰੀਕਾ ਪੜ੍ਹਨ ਲਈ ਗਿਆ ਸੀ। ਉਹ ਉਥੇ ਮਿਸ਼ੀਗਨ ਯੂਨੀਵਰਸਿਟੀ ਵਿਚ ਕਰਾਈਮ ਆਫ਼ ਜਸਟਿਸ ਦੀ ਪੜ੍ਹਾਈ ਕਰ ਰਿਹਾ ਸੀ। ਉਸਦੇ ਮਾਤਾ-ਪਿਤਾ ਵੀ ਨਾਲ ਲੱਗਦੇ ਸ਼ਹਿਰ ਕੈਨਟਨ ਵਿਚ ਰਹਿੰਦੇ ਹਨ। ਅਭੀ ਯੂਨੀਵਰਸਿਟੀ ਨੇੜੇ ਹੀ ਕਿਰਾਏ ’ਤੇ ਪੀ.ਜੀ. ਰਹਿੰਦਾ ਸੀ। ਅਭੀ ਦਾ ਪਿਤਾ ਜਗਜੀਤ ਸਿੰਘ ਬਰਾੜ ਆਪਣੇ ਪਿਤਾ (ਅਭੀ ਦੇ ਦਾਦਾ) ਦੀਆਂ ਅੰਤਿਮ ਰਸਮਾਂ ਕਰਨ ਪੰਜਾਬ ਆਇਆ ਸੀ। 13 ਨਵੰਬਰ ਨੂੰ ਸਵੇਰੇ ਮਾਛੀਵਾੜਾ ਵਿਖੇ ਪਰਿਵਾਰਕ ਮੈਂਬਰਾਂ ਨੂੰ ਫੋਨ ’ਤੇ ਅਭੀ ਦੀ ਮੌਤ ਦੀ ਜਾਣਕਾਰੀ ਮਿਲੀ, ਜਦੋਂ ਕਿ ਅਭਿ ਦਾ ਪਿਤਾ ਰਾਤ ਨੂੰ ਹੀ ਅਮਰੀਕਾ ਚਲਾ ਗਿਆ ਸੀ ਜਿਨ੍ਹਾਂ ਨੂੰ ਉਥੇ ਪੁੱਜਣ ’ਤੇ ਪੁੱਤਰ ਦੀ ਮੌਤ ਦੀ ਸੂਚਨਾ ਮਿਲੀ। ਅਭੀ ਦੀ ਲਾਸ਼ ਯੂਨੀਵਰਸਿਟੀ ਨੇੜ੍ਹੇ ਹੀ ਕਾਰ ਵਿੱਚੋਂ ਭੇਤਭਰੇ ਢੰਗ ਨਾਲ ਬਰਾਮਦ ਹੋਈ ਸੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ।
INDIA ਮਾਛੀਵਾੜਾ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ