ਮਹਾਂਗੱਠਜੋੜ: ਚਾਰ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ’ਚ ਮੱਤਭੇਦ ਉਭਰੇ

ਆਗਾਮੀ ਲੋਕ ਸਭਾ ਚੋਣਾਂ ’ਚ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਨੂੰ ਟੱਕਰ ਦੇਣ ਲਈ ਵਿਰੋਧੀ ਪਾਰਟੀਆਂ ਵੱਲੋਂ ‘ਮਹਾਂਗੱਠਜੋੜ’ ਸਬੰਧੀ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਚ ਬੰਦ ਕਮਰਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਸ਼ਾਮਲ ਹੋਏ। ਇਨ੍ਹਾਂ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਪਹਿਲੀ ਮੀਟਿੰਗ ਸੀ, ਇਸ ਕਾਰਨ ਕਿਸੇ ਸਿੱਟੇ ’ਤੇ ਨਹੀਂ ਪੁੱਜ ਸਕੇ, ਪਰ ਇਨ੍ਹਾਂ ਜ਼ਰੂਰ ਸਪੱਸ਼ਟ ਹੋ ਗਿਆ ਕਿ ਉਨ੍ਹਾਂ ਨੇ ਚੋਣਾਂ ਵਿਚ ਕਾਂਗਰਸ ਤੇ ਅਕਾਲੀ ਦਲ ਖ਼ਿਲਾਫ਼ ਇਕਜੁੱਟ ਹੋਣਾ ਹੈ।
ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਨਾਂ ਥੱਲੇ ਹੋਈ ਇਸ ਪਹਿਲੀ ਮੀਟਿੰਗ ਵਿਚ ਮਤਭੇਦ ਵੀ ਸਾਹਮਣੇ ਆਏ ਹਨ। ਇਸ ਮੀਟਿੰਗ ਵਿਚ ਸ਼ਾਮਲ ਬਸਪਾ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ‘ਆਪ’ ਨਾਲ ਸਾਂਝ ਪਾਉਣ ਦੀ ਗੱਲ ਕਹੀ, ਕਿਉਂਕਿ ਕੌਮੀ ਪੱਧਰ ’ਤੇ ਉਨ੍ਹਾਂ ਦਾ ਗੱਠਜੋੜ ਹੋ ਚੁੱਕਾ ਹੈ। ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ‘ਆਪ’ ਆਗੂ ਭਗਵੰਤ ਮਾਨ ਨੂੰ ਫੋਨ ਕਰ ਕੇ ਗੱਠਜੋੜ ਲਈ ਸੱਦਾ ਦੇ ਦਿੱਤਾ ਸੀ, ਪਰ ਭਗਵੰਤ ਮਾਨ ਨੇ ਸਾਫ਼ ਆਖ ਦਿੱਤਾ ਕਿ ਸੁਖਪਾਲ ਖਹਿਰਾ ਤੇ ਸਿਮਰਜੀਤ ਬੈਂਸ ਨੂੰ ਜੇ ਬਾਹਰ ਕੀਤਾ ਜਾਵੇ ਤਾਂ ਹੀ ਗੱਲ ਅੱਗੇ ਵਧ ਸਕਦੀ ਹੈ। ਬਸਪਾ ਨੇ ਇਹ ਵੀ ਐਲਾਨ ਕੀਤਾ ਕਿ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ, ਇਸ ਲਈ ਗੱਠਜੋੜ ਨੂੰ ਹਮਾਇਤ ਦੇਣੀ ਪਵੇਗੀ। ਬੰਦ ਕਮਰਾ ਮੀਟਿੰਗ ਵਿਚ ਪੰਜਾਬੀ ਏਕਤਾ ਪਾਰਟੀ ਤੋਂ ਸੁਖਪਾਲ ਖਹਿਰਾ, ਲੋਕ ਇਨਸਾਫ਼ ਪਾਰਟੀ ਤੋਂ ਸਿਮਰਜੀਤ ਬੈਂਸ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੋਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ, ਮਨਮੋਹਨ ਸਿੰਘ, ਗੁਰਪ੍ਰਤਾਪ ਸਿੰਘ ਤੇ ਬਸਪਾ ਪ੍ਰਧਾਨ ਰਛਪਾਲ ਸਿੰਘ ਰਾਜੂ ਸ਼ਾਮਲ ਹੋਏ। ਮੀਟਿੰਗ ਵਿਚ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਵੀ ਆਉਣਾ ਸੀ, ਪਰ ਉਹ ਨਹੀਂ ਆਏ।
ਇਸ ਮੌਕੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਗੱਠਜੋੜ ਵਿਚ ‘ਆਪ’ ਨੂੰ ਸ਼ਾਮਲ ਕਰਨ ’ਤੇ ਹਾਂ ਕਰ ਦਿੱਤੀ ਸੀ, ਕਿਉਂਕਿ ਮਾਮਲਾ ਪੰਜਾਬ ਨੂੰ ਬਚਾਉਣ ਦਾ ਹੈ, ਪਰ ਭਗਵੰਤ ਮਾਨ ਨੇ ਫੋਨ ’ਤੇ ਸ੍ਰੀ ਬ੍ਰਹਮਪੁਰਾ ਨੂੰ ਆਖ ਦਿੱਤਾ ਕਿ ਜੇਕਰ ਖਹਿਰਾ ਤੇ ਬੈਂਸ ਨਾਲ ਹਨ ਤਾਂ ਗੱਠਜੋੜ ਸੰਭਵ ਨਹੀਂ ਹੈ। ਉਧਰ, ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਗੱਠਜੋੜ ਵਿਚ ਸ਼ਾਮਲ ਹੋਣ ਲਈ ਸਾਰੀਆਂ ਧਿਰਾਂ ਦਾ ਸਵਾਗਤ ਹੈ, ਪਰ ਜਿਸ ਤਰ੍ਹਾਂ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ, ਉਸ ਤੋਂ ਲੱਗਦਾ ਹੈ ਕਿ ਕੁਝ ਲੋਕ ਪੰਜਾਬ ਦੀ ਭਲਾਈ ਨਹੀਂ ਚਾਹੁੰਦੇ।
ਇਸ ਮਹਾਂਗੱਠਜੋੜ ਦੀ ਪਹਿਲੀ ਮੀਟਿੰਗ ਵਿਚ ‘ਇਕ ਸੰਵਿਧਾਨ, ਇਕ ਪ੍ਰਧਾਨ’ ’ਤੇ ਵੀ ਸਹਿਮਤੀ ਨਹੀਂ ਬਣ ਸਕੀ, ਕਿਉਂਕਿ ਬਸਪਾ ਪ੍ਰਧਾਨ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕੌਮੀ ਪਾਰਟੀ ਹੈ, ਇਸ ਲਈ ਉਹ ਆਪਣੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਹੀ ਚੋਣ ਲੜਨਗੇ। ਉਧਰ, ਬ੍ਰਹਮਪੁਰਾ ਦਾ ਕਹਿਣਾ ਸੀ ਕਿ ਗੱਠਜੋੜ ’ਚ ਸਾਰੇ ਦਲ ਆਪਣੇ ਆਪਣੇ ਚੋਣ ਨਿਸ਼ਾਨ ’ਤੇ ਚੋਣ ਲੜਨਗੇ।