‘ਭਾਰਤ ਮਾਤਾ ਦੀ ਜੈ’ ਉਤੇ ਮੋਦੀ-ਰਾਹੁਲ ਆਹਮੋ ਸਾਹਮਣੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਭਾਰਤ ਮਾਤਾ ਦੀ ਜੈ’ ਦੇ ਮੁੱਦੇ ’ਤੇ ਆਹਮੋ ਸਾਹਮਣੇ ਆ ਗਏ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾਂ ’ਚ ਤਾਂ ਭਾਰਤ ਮਾਤਾ ਦੀ ਗੱਲ ਕਰਦੇ ਹਨ ਪਰ ਕੰਮ ਅਨਿਲ ਅੰਬਾਨੀ ਲਈ ਕਰਦੇ ਹਨ। ਇਸ ਦੇ ਜਵਾਬ ਵਿੱਚ ਸ੍ਰੀ ਮੋਦੀ ਨੇ ਜਨਤਕ ਮੀਟਿੰਗ ’ਚ ਦਸ ਵਾਰ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਗਵਾਉਂਦਿਆਂ ਕਿਹਾ, ‘ਮੈਂ ਨਾਮਦਾਰ (ਸ਼ਾਸਕ) ਦੇ ਫਤਵੇ ਨੂੰ ਚਕਨਾਚੂਰ ਕਰ ਦਿੱਤਾ ਹੈ।’ ਰਾਜਸਥਾਨ ਚੋਣਾਂ ਲਈ ਪ੍ਰਚਾਰ ’ਚ ਉੱਤਰੇ ਰਾਹੁਲ ਗਾਂਧੀ ਨੇ ਮਾਲਾਖੇੜ (ਅਲਵਰ) ’ਚ ਆਪਣੀ ਪਹਿਲੀ ਮੀਟਿੰਗ ’ਚ ਕਿਹਾ, ‘ਹਰ ਭਾਸ਼ਣ ’ਚ ਸ੍ਰੀ ਮੋਦੀ ਕਹਿੰਦੇ ਹਨ ‘ਭਾਰਤ ਮਾਤਾ ਦੀ ਜੈ’ ਅਤੇ ਕੰਮ ਕਰਦੇ ਹਨ ਅਨਿਲ ਅੰਬਾਨੀ ਲਈ। ਉਨ੍ਹਾਂ ਨੂੰ ਆਪਣੇ ਭਾਸ਼ਣ ਦੀ ਸ਼ੁਰੂਆਤ ‘ਅਨਿਲ ਅੰਬਾਨੀ ਦੀ ਜੈ’, ਮੇਹੁਲ ਚੌਕਸੀ ਦੀ ਜੈ, ਨੀਰਵ ਮੋਦੀ ਦੀ ਜੈ, ਲਲਿਤ ਮੋਦੀ ਦੀ ਜੈ ਨਾਲ ਕਰਨੀ ਚਾਹੀਦੀ ਹੈ।’ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਮਾਤਾ ਦੀ ਗੱਲ ਕਰਨ ਵਾਲੇ ਮੋਦੀ ਕਿਸਾਨਾਂ ਨੂੰ ਕਿਵੇਂ ਭੁੱਲ ਗਏ। ਭਾਰਤ ਮਾਤਾ ’ਚ ਤਾਂ ਦੇਸ਼ ਦਾ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ ਸਾਰੇ ਆਉਂਦੇ ਹਨ।ਇਸ ਤੋਂ ਕੁਝ ਸਮਾਂ ਬਾਅਦ ਹੀ ਸੀਕਰ ’ਚ ਆਪਣੀ ਚੋਣ ਮੀਟਿੰਗ ’ਚ ਸ੍ਰੀ ਮੋਦੀ ਨੇ ਲੋਕਾਂ ਤੋਂ ਦਸ ਵਾਰ ‘ਭਾਰਤ ਮਾਤਾ ਦੀ ਜੈ’ ਬੁਲਵਾਈ। ਉਨ੍ਹਾਂ ਕਿਹਾ, ‘ਕਾਂਗਰਸ ਦਾ ਇੱਕ ਨਾਮਦਾਰ ਹੈ। ਉਸ ਨੇ ਅੱਜ ਫਤਵਾ ਜਾਰੀ ਕੀਤਾ ਹੈ ਕਿ ਮੋਦੀ ਨੂੰ ਚੋਣ ਮੀਟਿੰਗਾਂ ਦੀ ਸ਼ੁਰੂਆਤ ਭਾਰਤ ਮਾਤਾ ਦੀ ਜੈ ਨਾਲ ਨਹੀਂ ਕਰਨੀ ਚਾਹੀਦੀ। ਇਸ ਲਈ ਅੱਜ ਮੈਂ ਇਨ੍ਹਾਂ ਲੱਖਾਂ ਲੋਕਾਂ ਹਾਜ਼ਰੀ ’ਚ ਕਾਂਗਰਸ ਦੇ ਨਾਮਦਾਰ ਦੇ ਫਤਵੇ ਨੂੰ ਚੂਰ ਚੂਰ ਕਰ ਕੇ ਦਸ ਵਾਰ ਭਾਰਤ ਮਾਤਾ ਦੀ ਜੈ ਬੁਲਵਾਈ ਹੈ।’