ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਤੇ ਵਿਰੋਧੀ ਧਿਰਾਂ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦਾ ਚੰਡੀਗੜ੍ਹ ਵਿੱਚ ਕੋਈ ਖਾਸ ਅਸਰ ਵੇਖਣ ਨੂੰ ਨਹੀਂ ਮਿਲਿਆ। ਚੰਡੀਗੜ੍ਹ ਦੇ ਸੈਕਟਰਾਂ ਤੇ ਪਿੰਡਾਂ ਦੇ ਬਾਜ਼ਾਰ ਆਮ ਦਿਨਾਂ ਵਾਂਗ ਖੁਲ੍ਹੇ ਰਹੇ। ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ, ਵਿਦਿਅਕ ਅਤੇ ਨਿਜੀ ਅਦਾਰਿਆਂ ਵਿੱਚ ਵੀ ਆਮ ਦਿਨਾਂ ਵਾਂਗ ਚਹਿਲ ਪਹਿਲ ਦੇਖੀ ਗਈ। ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਨੇ ਪ੍ਰੈਸ ਨੋਟ ਜਾਰੀ ਕਰ ਕੇ ਸ਼ਹਿਰ ਵਿੱਚ ਬੰਦ ਸਫਲ ਰਹਿਣ ਦਾ ਦਾਅਵਾ ਕੀਤਾ ਹੈ। ਬੰਦ ਦੌਰਾਨ ਸ਼ਹਿਰ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਕੋਈ ਸੂਚਨਾ ਨਹੀਂ ਹੈ। ਬੰਦ ਨੂੰ ਮੁਹਾਲੀ ਅਤੇ ਰੂਪਨਗਰ ਵਿੱਚ ਮੱਠਾ ਹੁੰਗਾਰਾ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀ ਕਾਰਕੁਨਾਂ ਨੇ ਰੋਸ ਪ੍ਰਦਰਸ਼ਨ ਦੌਰਾਨ ਸੈਕਟਰ 19 ਦੇ ਚੌਕ ’ਤੇ ਟਾਇਰਾਂ ਨੂੰ ਅੱਗ ਲਗਾ ਕੇ ਧਰਨਾ ਦਿੱਤਾ ਅਤੇ ਆਵਾਜਾਈ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਮੌਜੂਦ ਪੁਲੀਸ ਨੇ ਕਾਂਗਰਸੀ ਵਰਕਰਾਂ ਨੂੰ ਉਥੋਂ ਖਦੇੜ ਦਿੱਤਾ ਅਤੇ ਆਵਾਜਾਈ ਬਹਾਲ ਕਰ ਦਿੱਤੀ। ਚੰਡੀਗੜ੍ਹ ਕਾਂਗਰਸ ਨੇ ਸੈਕਟਰ 22 ਦੇ ਅਰੋਮਾ ਚੌਕ ਤੋਂ ਰੋਸ ਮਾਰਚ ਕੱਢਿਆ, ਜੋ ਸੈਕਟਰ 21, 20, 19 ਅਤੇ 18 ਦੀਆਂ ਮਾਰਕੀਟਾਂ ਤੋਂ ਲੰਘਦਾ ਹੋਇਆ ਸੈਕਟਰ 17 ਪਲਾਜ਼ਾ ਪਹੁੰਚਿਆ। ਰੋਸ ਮਾਰਚ ਵਿੱਚ ਸ਼ਾਮਲ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਪ੍ਰਦੀਪ ਛਾਬੜਾ, ਸਾਬਕਾ ਮੇਅਰ ਕਮਲੇਸ਼ ਅਤੇ ਹੋਰ ਕਾਂਗਰਸੀ ਆਗੂਆਂ ਤੇ ਸੈਂਕੜੇ ਕਾਰਕੁਨਾਂ ਨੇ ਇਨ੍ਹਾਂ ਸੈਕਟਰਾਂ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ। ਰੋਸ ਮਾਰਚ ਗੁਜ਼ਰਨ ਵੇਲੇ ਜ਼ਿਆਦਾਤਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਤੇ ਮੁਜ਼ਾਹਰਾਕਾਰੀਆਂ ਦੇ ਉਥੋਂ ਲੰਘਣ ਬਾਅਦ ਦੁਕਾਨਾਂ ਮੁੜ ਖੋਲ੍ਹ ਲਈਆਂ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜਮ ਕੇ ਪਿੱਟ ਸਿਆਪਾ ਕੀਤਾ ਅਤੇ ਪੁਤਲੇ ਫੂਕੇ। ਇਹ ਰੋਸ ਮਾਰਚ ਸੈਕਟਰ 17 ਪਲਾਜ਼ਾ ਵਿੱਚ ਖਤਮ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਜਨਤਾ ਨਾਲ ਧੋਖਾ ਕੀਤਾ ਹੈ। ਤੇਲ ਦੀਆਂ ਕੀਮਤਾਂ ਅਸਮਾਨ ਛੁੂਹ ਰਹੀਆਂ ਹਨ ਤੇ ਸਰਕਾਰ ਚੁੱਪ ਬੈਠੀ ਹੈ। ਉਨ੍ਹਾਂ ਕਿਹਾ ਤੇਲ ਕੀਮਤਾਂ ਵਧਣ ਨਾਲ ਮਹਿੰਗਾਈ ਵੱਧ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਗਰੁੱਪ ਵੱਲੋਂ ਸਾਬਕਾ ਯੂਥ ਕਾਂਗਰਸ ਦੇ ਸਕੱਤਰ ਵਸੀਮ ਮੀਰ ਦੀ ਅਗਵਾਈ ਹੇਠ ਮਨੀਮਜਾਰਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਨੇ ਚੰਡੀਗੜ੍ਹ ਵਿੱਚ ਭਾਰਤ ਬੰਦ ਸਫਲ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਘਟ ਰਹੀਆਂ ਕੀਮਤਾਂ ਦਾ ਲਾਭ ਜਨਤਾ ਤੱਕ ਪਹੁੰਚਾਉਣ ਦੀ ਬਜਾਏ ਮੋਦੀ ਸਰਕਾਰ ਪੈਟਰੋਲੀਅਮ ਪਦਾਰਥਾਂ ’ਤੇ ਵਾਧੂ ਟੈਕਸ ਲਗਾ ਕੇ ਜਨਤਾ ਦੀ ਜੇਬ ਕੱਟ ਰਹੀ ਹੈ। ਚੰਡੀਗੜ੍ਹ ਭਾਜਪਾ ਆਗੂਆਂ ਨੇ ਬੰਦ ਨੂੰ ਅਸਫਲ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਮੋਦੀ ਸਰਕਾਰ ਦੀ ਸਫਲਤਾ ਤੋਂ ਘਬਰਾ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ 2019 ਦੀਆਂ ਚੋਣਾਂ ਵਿੱਚ ਭਾਜਪਾ ਮੁੜ ਜਿੱਤ ਹਾਸਲ ਕਰੇਗੀ।
INDIA ‘ਭਾਰਤ ਬੰਦ’ ਨੂੰ ਮੱਠਾ ਹੁੰਗਾਰਾ