ਭਾਰਤੀ ਸੈਟੇਲਾਈਟ ਜੀਸੈਟ-11 ਸਫ਼ਲਤਾਪੂਰਬਕ ਲਾਂਚ

ਭਾਰਤ ਦੇ ਸਭ ਤੋਂ ਵਜ਼ਨਦਾਰ ਸੈਟੇਲਾਈਟ ਜੀਸੈਟ-11 ਨੂੰ ਬੁੱਧਵਾਰ ਤੜਕੇ ਫਰੈਂਚ ਗੁਇਆਨਾ ਤੋਂ ਐਰੀਆਨੇਸਪੇਸ ਰਾਕੇਟ ਰਾਹੀਂ ਸਫ਼ਲਤਾਪੂਰਬਕ ਦਾਗ਼ਿਆ ਗਿਆ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਕਿਹਾ ਕਿ ਜੀਸੈਟ-11 ਨਾਲ ਮੁਲਕ ’ਚ ਬ੍ਰਾਡਬੈਂਡ ਸੇਵਾਵਾਂ ਨੂੰ ਹੁਲਾਰਾ ਮਿਲੇਗਾ ਯਾਨੀ ਇੰਟਰਨੈੱਟ ਹੋਰ ਤੇਜ਼ੀ ਨਾਲ ਚਲਿਆ ਕਰੇਗਾ। ਦੱਖਣੀ ਅਮਰੀਕਾ ਦੇ ਉੱਤਰ ਪੂਰਬੀ ਕੰਢੇ ਨਾਲ ਲਗਦੇ ਫਰਾਂਸੀਸੀ ਇਲਾਕੇ ਕੌਰੂ ਦੇ ਐਰੀਆਨੇ ਲਾਂਚ ਕੰਪਲੈਕਸ ਤੋਂ ਜੀਸੈਟ-11 ਸੈਟੇਲਾਈਟ ਨੂੰ ਅੱਧੀ ਰਾਤ ਤੋਂ ਬਾਅਦ 2:07 ਵਜੇ (ਆਈਐਸਟੀ) ਛੱਡਿਆ ਗਿਆ। ਕਰੀਬ 33 ਮਿੰਟਾਂ ਮਗਰੋਂ ਜੀਸੈਟ-11 ਗ੍ਰਹਿ ਪੰਧ ’ਤੇ ਸਥਾਪਤ ਹੋ ਗਿਆ ਸੀ। ਬੰਗਲੌਰ ਸਥਿਤ ਇਸਰੋ ਦੇ ਸਦਰਮੁਕਾਮ ਤੋਂ ਦੱਸਿਆ ਗਿਆ ਕਿ ਉਨ੍ਹਾਂ ਐਰੀਆਨੇ-5 ਰਾਕੇਟ ਦੀ ਸਹਾਇਤਾ ਲਈ ਕਿਉਂਕਿ ਜੀਐਸਐਲਵੀ ਐਮਕੇ111 ਸਿਰਫ਼ ਚਾਰ ਟਨ ਤਕ ਵਜ਼ਨ ਵਾਲੇ ਉਪਗ੍ਰਹਿ ਹੀ ਲਾਂਚ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਸੈਟੇਲਾਈਟ ਸਫ਼ਲਤਾਪੂਰਬਕ ਦਾਗ਼ਣ ’ਤੇ ਇਸਰੋ ਦੀ ਸ਼ਲਾਘਾ ਕੀਤੀ ਹੈ। ਇਸਰੋ ਦੇ ਚੇਅਰਮੈਨ ਕੇ ਸਿਵਾਨ ਨੇ ਕਿਹਾ ਕਿ ਭਾਰਤ ਵੱਲੋਂ ਸਭ ਤੋਂ ਭਾਰੀ, ਸਭ ਤੋਂ ਵੱਡੇ ਅਤੇ ਸਭ ਤੋਂ ਤਾਕਤਵਰ ਸੈਟੇਲਾਈਟ ਨੂੰ ਅੱਜ ਸਫ਼ਲਤਾਪੂਰਬਕ ਦਾਗ਼ਿਆ ਗਿਆ। ਉਨ੍ਹਾਂ ਕਿਹਾ ਕਿ ਜੀਸੈਟ-11 ਭਾਰਤ ਦੀ ਬਿਹਤਰੀਨ ਪੁਲਾੜ ਸੰਪਤੀ ਹੈ। ਇਸਰੋ ਵੱਲੋਂ ਬਣਾਏ ਗਏ ਇਸ ਸੈਟੇਲਾਈਟ ਦਾ ਵਜ਼ਨ ਕਰੀਬ 5854 ਕਿਲੋਗ੍ਰਾਮ ਹੈ ਅਤੇ ਇਸ ਦਾ ਜੀਵਨ ਕਾਲ 15 ਸਾਲ ਤੋਂ ਵਧ ਦਾ ਦੱਸਿਆ ਗਿਆ ਹੈ। ਇਸਰੋ ਮੁਖੀ ਨੇ ਕਿਹਾ ਕਿ ਇਹ ਸੈਟੇਲਾਈਟ ਭਾਰਤ ’ਚ 16 ਜੀਬੀਪੀਐਸ ਡੇਟਾ ਸਪੀਡ ਮੁਹੱਈਆ ਕਰਾਉਣ ਦੇ ਸਮਰੱਥ ਹੋਵੇਗਾ। ਉਨ੍ਹਾਂ ਦੱਸਿਆ ਕਿ ਚਾਰ ਸੰਚਾਰ ਸੈਟੇਲਾਈਟਾਂ ਰਾਹੀਂ ਮੁਲਕ ’ਚ 100 ਜੀਬੀਪੀਐਸ ਡੇਟਾ ਸਪੀਡ ਮੁਹੱਈਆ ਕਰਾਉਣ ਦਾ ਟੀਚਾ ਰੱਖਿਆ ਗਿਆ ਹੈ।