ਭਾਰਤੀ ਕਿਸਾਨਾਂ ਕੋਲ ਆਧੁਨਿਕ ਮਸ਼ੀਨਾਂ ਦੀ ਘਾਟ: ਕੋਵਿੰਦ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਇੱਥੇ 13ਵੇਂ ਸੀਆਈਆਈ ਐਗਰੋਟੈੱਕ ਇੰਡੀਆ-2018 ਦਾ ਉਦਘਾਟਨ ਕੀਤਾ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਖੇਤੀਬਾੜੀ ਨੂੰ ਸਮਕਾਲੀ ਟੈਕਨਾਲੋਜੀ ਦੇ ਨਾਲ ਆਪਣਾ ਸਬੰਧ ਨਵਿਆਉਣ, ਜਲਵਾਯੂ ਪਰਿਵਰਤਨ, ਕੀਮਤਾਂ ’ਚ ਉਤਰਾਅ-ਚੜ੍ਹਾਅ ਤੇ ਪੈਦਾਵਰ ਦੀ ਮੰਗ ਘਟਣ ਦੇ ਝਟਕਿਆਂ ਤੋਂ ਸੁਰੱਖਿਅਤ ਕਾਰੋਬਾਰ ਵੱਲੋਂ ਟਿਕਾਊ ਨਿਵੇਸ਼ ਅਤੇ ਭਾਈਵਾਲੀ ਦੀ ਜ਼ਰੂਰਤ ਹੈ। ਇਸ ਨਾਲ ਜਿੱਥੇ ਮੁਕਾਬਲੇ ਦੀ ਭਾਵਨਾ ਵਧੇਗੀ ਉਥੇ ਆਮਦਨੀ ਵਿਚ ਵੀ ਵਾਧਾ ਹੋਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਕਿਸਾਨਾਂ ਕੋਲ ਮਸ਼ੀਨਰੀ ਦੀ ਹਾਲੇ ਵੀ ਵੱਡੀ ਘਾਟ ਹੈ ਤੇ ਆਧੁਨਿਕ ਮਸ਼ੀਨਰੀ ਤਾਂ ਬਿਲਕੁਲ ਵੀ ਨਹੀਂ ਹੈ। ਦੇਸ਼ ਦੇ ਕਿਸਾਨ ਦਲੇਰ ਹਨ ਤੇ ਉਹ ਜ਼ੋਖ਼ਮ ਉਠਾਉਣ ਦਾ ਮਾਦਾ ਵੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸੰਜਾਈ ਯੋਜਨਾ ਤਹਿਤ ਦਸ ਲੱਖ ਹੈਕਟੇਅਰ ਜ਼ਮੀਨ ਲਿਆਂਦੀ ਗਈ ਹੈ। ਢਾਈ ਕਰੋੜ ਕਿਸਾਨਾਂ ਨੂੰ ਫਸਲ ਬੀਮਾ ਯੋਜਨਾ ਤਹਿਤ ਲਿਆਂਦਾ ਗਿਆ ਹੈ। ਇਹ ਅਜੇ ਸਿਰਫ ਸ਼ੁਰੂਆਤ ਹੈ। ਭਵਿੱਖ ਵਿਚ ਵਧੇਰੇ ਜ਼ਮੀਨ ਅਤੇ ਵਧੇਰੇ ਕਿਸਾਨਾਂ ਨੂੰ ਬੀਮਾ ਯੋਜਨਾ ਅਧੀਨ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨਾਂ ਵਿਚ ਸਿੱਖਣ ਦੀ ਬੇਹੱਦ ਸਮਰੱਥਾ ਹੈ। ਉਹ ਨਵੀਆਂ ਕਾਢਾਂ, ਤਕਨੀਕਾਂ ਅਤੇ ਵਿਗਿਆਨਕ ਤਕਨੀਕਾਂ ਨੂੰ ਅਪਨਾਉਣ ਤੋਂ ਡਰਦੇ ਨਹੀਂ। ਇਸ ਸਦਕਾ ਹੀ ਭਾਰਤ ਖੇਤੀ ਜਿਣਸਾਂ ਅਤੇ ਇਨ੍ਹਾਂ ਨਾਲ ਸਬੰਧਤ ਵਸਤਾਂ ਦਾ ਬਰਾਮਦਕਾਰ ਬਣ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਤਿਹਾਸ ਵੱਲ ਦੇਖਿਆ ਜਾਵੇ ਤਾਂ ਖੇਤੀਬਾੜੀ ਖਾਦਾਂ ਤੋਂ ਬਿਨਾਂ ਹੀ ਅੱਗੇ ਵਧੀ ਹੈ। ਐਗਰੋਟੈੱਕ ਮੇਲਾ ਸਾਂਝੇਦਾਰੀਆਂ, ਸਹਿਹੋਂਦ ਅਤੇ ਇੱਕ ਦੂਜੇ ਕੋਲੋਂ ਸਿੱਖਣ ਅਤੇ ਸਾਂਝਾ ਕਰਨ ਲਈ ਆਦਰਸ਼ ਮੰਚ ਹੈ। ਪਹਿਲੇ ਦਹਾਕਿਆਂ ਵਿੱਚ, ਨਿਰਮਾਣ ਅਤੇ ਮਸ਼ੀਨੀਕਰਨ ਖੇਤੀਬਾੜੀ ਲਈ ਸ਼ਲਾਘਾਯੋਗ ਸੁਵਿਧਾ ਰਹੀ ਹੈ। ਅੱਜ ਖੇਤੀਬਾੜੀ ਅਤੇ ਸਰਵਿਸ ਸੈਕਟਰ ਦਰਮਿਆਨ ਇੱਕ ਮਜ਼ਬੂਤ ਰਿਸ਼ਤਾ ਉੱਭਰ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਐਗਰੋ ਟੈੱਕ ਇੰਡੀਆ-2018 ਉੱਤਮ ਸਾਂਝੇਦਾਰੀ ਨੂੰ ਹੁਲਾਰਾ ਦੇਵੇਗਾ, ਜਿਸ ਨਾਲ ਭਾਰਤ ਦੇ ਕਿਸਾਨਾਂ ਨੂੰ ਲਾਭ ਮਿਲੇਗਾ।

ਪਰਾਲੀ ਸਾੜਨ ਤੋਂ ਹੋਣ ਵਾਲੇ ਪ੍ਰਦੂਸ਼ਣ ਦੇ ਮੁੱਦੇ ਵੱਲ ਇਸ਼ਾਰਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਉੱਤੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਨੇ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਚੁਣੌਤੀਆਂ ਤੋਂ ਕਦੇ ਕਿਨਾਰਾ ਨਹੀਂ ਕੀਤਾ। ਅੱਜ ਅਸੀਂ ਫ਼ਸਲੀ ਰਹਿੰਦ-ਖੂੰਹਦ, ਨਾੜ ਅਤੇ ਪਰਾਲੀ ਦੇ ਸਾਫ਼ ਅਤੇ ਸੁਰੱਖਿਅਤ ਨਿਪਟਾਰੇ ਸਬੰਧੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ। ਇਸ ਦੇ ਹੱਲ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਸਹੀ ਢੰਗ ਨਾਲ ਨਾ ਹੋਣ ਕਰਕੇ ਵੱਡੀ ਪੱਧਰ ਉੱਤੇ ਖੇਤੀ ਪੈਦਾਵਰ ਬਰਬਾਦ ਹੋ ਰਹੀ ਹੈ, ਇਸ ਲਈ ਫੂਡ ਪ੍ਰੋਸੈਸਿੰਗ ਨੂੰ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ ਵਿਸ਼ਵ ਬੈਂਕ ਨਾਲ ਭਾਈਵਾਲੀ ਕੀਤੀ ਜਾ ਰਹੀ ਹੈ। ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਸਰਕਾਰ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਅਸੀਂ ਇਸ ਖੇਤਰ ਵਿਚ ਨਿਵੇਸ਼ 200 ਕਰੋੜ ਸਾਲਾਨਾ ਤੋਂ ਵਧਾ ਕੇ 450 ਕਰੋੜ ਰੁਪਏ ਸਾਲਾਨਾ ਕਰ ਦਿੱਤਾ ਹੈ। ਇਸ ਮੌਕੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਸੱਤਿਆ ਦੇਵ ਨਰਾਇਣ, ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸੀਆਈਆਈ ਦੇ ਪ੍ਰਧਾਨ ਰਾਕੇਸ਼ ਭਾਰਤੀ ਮਿੱਤਲ, ਅਜੈ ਐਸ. ਸ੍ਰੀ ਰਾਮ ਚੇਅਰਮੈਨ ਸੀਆਈਆਈ ਐਗਰੋਟੈੱਕ, ਇੰਦਰਜੀਤ ਬੈਨਰਜੀ, ਸਚਿਤ ਜੈਨ ਆਦਿ ਹਾਜ਼ਰ ਸਨ।