ਭਾਜਪਾ ਨੇ ਚੰਡੀਗੜ੍ਹ ਤੋਂ ‘ਬਿਊਟੀਫੁਲ’ ਦਾ ਟੈਗ ਹਟਾਇਆ: ਛਾਬੜਾ

ਚੰਡੀਗੜ੍ਹ ਕਾਂਗਰਸ ਜ਼ਿਲਾ ਸ਼ਹਿਰੀ-2 ਵੱਲੋਂ ਅੱਜ ਇਥੇ ਰਾਮ ਦਰਬਾਰ ਕਲੋਨੀ ਵਿੱਚ ਪਰਿਵਰਤਨ ਰੈਲੀ ਕੀਤੀ ਗਈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਦੀ ਅਗਵਾਈ ਹੇਠ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਰਾਮ ਦਰਬਾਰ ਕਲੋਨੀ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਮੱਸਿਆਂਵਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਰੈਲੀ ਦੌਰਾਨ ਰਾਮ ਦਰਬਾਰ ਕਲੋਨੀ ਵਿੱਚ ਕਾਂਗਰਸ ਦੇ ਆਗੂਆਂ ਨੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਵਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਕਾਰਜਾਂ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਸ੍ਰੀ ਬਾਂਸਲ ਦੇ ਕਾਰਜਕਾਲ ਵਿੱਚ ਸ਼ਹਿਰ ਦੀ ਜਨਤਾ ਕਾਫੀ ਖੁਸ਼ ਸੀ। ਇਸੇ ਦੌਰਾਨ 100 ਮੀਟਰ ਦਾਇਰੇ ’ਚ ਆ ਰਹੇ ਮਕਾਨਾਂ ਨੂੰ ਤੋੜੇ ਜਾਣ ਦੇ ਨੋਟਿਸ ਅਤੇ ਘਰਾਂ ਨੂੰ ਮਿਲ ਰਹੇ ਨੋਟਿਸ ਤੋਂ ਸਹਿਮੀ ਹੋਈ ਜਨਤਾ ਦੀ ਚਿੰਤਾ ਸਾਫ਼ ਨਜ਼ਰ ਆ ਰਹੀ ਹੈ। ਸ੍ਰੀ ਬਾਂਸਲ ਨੇ ਰਾਮ ਦਰਬਾਰ ਵਾਸੀਆਂ ਨੂੰ ਅਜਿਹੇ ਨੋਟਿਸਾਂ ਤੋਂ ਛੇਤੀ ਨਿਜ਼ਾਤ ਦਿਵਾਉਣ ਦਾ ਭਰੋਸਾ ਦਿੱਤਾ।
ਰੈਲੀ ਦੌਰਾਨ ਚੰਡੀਗੜ੍ਹ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਭਾਜਪਾ ਦੇ ਸਾਢੇ ਚਾਰ ਸਾਲਾਂ ਦੇ ਰਾਜ ਵਿੱਚ ਚੰਡੀਗੜ੍ਹ ਸ਼ਹਿਰ ਦਾ ‘ਬਿਊਟੀਫੁਲ’ ਟੈਗ ਵੀ ਹਟਾ ਦਿੱਤਾ ਹੈ। ਅੱਜ ਸ਼ਹਿਰ ਵਿੱਚ ਥਾਂ-ਥਾਂ ਗੰਦਗੀ ਦਾ ਆਲਮ ਹੈ। ਨਗਰ ਨਿਗਮ ਨੇ ਲੋਕਾਂ ਉੱਤੇ ਟੈਕਸ ਦਾ ਬੋਝ ਲੱਦ ਦਿੱਤਾ ਹੈ ਜਿਸ ਨਾਲ ਹਰ ਵਰਗ ਪ੍ਰੇਸ਼ਾਨ ਹੈ। ਸ਼੍ਰੀ ਛਾਬੜਾ ਨੇ ਕਿਹਾ ਕਿ ਅੱਜ ਚੰਡੀਗੜ੍ਹ ਵਿੱਚ ਮੁਲਾਜ਼ਮ, ਛੋਟੇ ਵਪਾਰੀ, ਨੌਜਵਾਨ ਵਰਗ ਸਮੇਤ ਹਰ ਆਦਮੀ ਪ੍ਰੇਸ਼ਾਨ ਹੈ।
ਰੈਲੀ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਸ਼ਸ਼ੀ ਸ਼ੰਕਰ ਤਿਵਾੜੀ, ਵੀਰੇਂਦਰ ਰਾਏ, ਹਰਮੋਹਿੰਦਰ ਸਿੰਘ ਲਕੀ, ਪਵਨ ਅਟਵਾਲ, ਲਵ ਕੁਮਾਰ, ਵਿਨੋਦ ਸ਼ਰਮਾ, ਸੰਦੀਪ ਭਾਰਦਵਾਜ, ਅਮਨ ਦੀਪ, ਕ੍ਰਿਸ਼ਨ, ਪ੍ਰੇਮਪਾਲ ਚੌਹਾਨ, ਸ਼ਮਸ਼ੇਰ ਤੇ ਵਰਿੰਦਰ ਰਾਣਾ ਨੇ ਵੀ ਸੰਬੋਧਨ ਕੀਤਾ।