ਭਾਜਪਾ ਨੂੰ ਤਾਰੇਗਾ ਰਾਫਾਲ: ਸੀਤਾਰਾਮਨ

ਰੱਖਿਆ ਮੰਤਰੀ ਨੇ ਕਾਂਗਰਸ ’ਤੇ ਦੇਸ਼ਵਾਸੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ

ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਸ਼ੁੱਕਰਵਾਰ ਨੂੰ ਸੰਸਦ ਵਿਚ ਕਾਂਗਰਸ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਵਿਰੋਧੀ ਪਾਰਟੀ ਰਾਫਾਲ ਸੌਦੇ ਬਾਰੇ ‘ਝੂਠੇ ਦਾਅਵਿਆਂ’ ਰਾਹੀਂ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੋਫੋਰਜ਼ ਘੁਟਾਲੇ ਨੇ ਕਾਂਗਰਸ ਦੀ ਸਿਆਸੀ ਬੇੜੀ ਡੋਬ ਦਿੱਤੀ ਸੀ, ਪਰ ਰਾਫਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੇਰ ਤੋਂ ਸੱਤਾ ’ਚ ਲਿਆਏਗਾ। ਸੰਸਦ ਵਿਚ ਰਾਫਾਲ ਸੌਦੇ ’ਤੇ ਕਰੀਬ ਦੋ ਘੰਟੇ ਲੰਮੇ ਜਵਾਬ ’ਚ ਸੀਤਾਰਾਮਨ ਨੇ ਵਿਰੋਧੀਆਂ ਦੇ ਦੋਸ਼ਾਂ ਦਾ ਇੱਕ-ਇੱਕ ਕਰਕੇ ਜਵਾਬ ਦਿੱਤਾ। ਰੱਖਿਆ ਮੰਤਰੀ ਨੇ ਲੜਾਕੂ ਜਹਾਜ਼ ਦੀ ਕੀਮਤ ਅਤੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਹਲ) ਨੂੰ ਆਫ਼ਸੈੱਟ ਠੇਕਾ ਨਾ ਦਿੱਤੇ ਜਾਣ ਬਾਰੇ ਸਵਾਲਾਂ ਦੇ ਜਵਾਬ ਦੌਰਾਨ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਨੇ ਇਹ ਸੌਦਾ ਆਪਣੇ ਕਾਰਜਕਾਲ ਦੌਰਾਨ ਸਿਰੇ ਨਹੀਂ ਸੀ ਚੜ੍ਹਨ ਦਿੱਤਾ ਕਿਉਂਕਿ ਪਾਰਟੀ ਨੂੰ ‘ਕੋਈ ਲਾਭ ਹਾਸਲ ਹੁੰਦਾ ਨਜ਼ਰ ਨਹੀਂ ਸੀ ਆ ਰਿਹਾ’। ਉਨ੍ਹਾਂ ਕਿਹਾ ਕਿ ਲਾਲਚ ਖ਼ਾਤਰ ਕੌਮੀ ਸੁਰੱਖਿਆ ਨੂੰ ਦਰਕਿਨਾਰ ਕੀਤਾ ਗਿਆ। ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਬੋਫੋਰਜ਼ ਵੱਡਾ ਘੁਟਾਲਾ ਸੀ ਜਦਕਿ ਰਾਫਾਲ ਸੌਦੇ ’ਚ ਕੁਝ ਸ਼ੱਕੀ ਨਹੀਂ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਸਰਕਾਰ ਨੂੰ ਰਾਫਾਲ ਜੈੱਟ ਦੀਆਂ ਦੋ ਸਕੁਐਡਰਨਾਂ (36 ਜਹਾਜ਼) ਲੈਣ ਦੀ ਸਲਾਹ ਦਿੱਤੀ ਸੀ ਤੇ ਇਸ ਸਬੰਧੀ ਯੋਜਨਾਬੰਦੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੇਲੇ ਤੋਂ ਹੀ ਕੀਤੀ ਜਾ ਰਹੀ ਸੀ। ਮੰਤਰੀ ਨੇ ਸਦਨ ਵਿਚ ਜਾਣਕਾਰੀ ਦਿੱਤੀ ਕਿ ਸੌਦੇ ਮੁਤਾਬਕ ਪਹਿਲਾ ਰਾਫਾਲ 2019 ਵਿਚ ਭਾਰਤ ਪੁੱਜੇਗਾ ਤੇ ਆਖ਼ਰੀ ਜੈੱਟ 2022 ਤੱਕ ਆ ਜਾਵੇਗਾ। ਕੀਮਤਾਂ ਵਿਚ ਫ਼ਰਕ ਬਾਰੇ ਰੱਖਿਆ ਮੰਤਰੀ ਨੇ ਕਿਹਾ ਕਾਂਗਰਸ ਰਾਜ ਦੌਰਾਨ ਅਧਿਕਾਰਤ ਤੌਰ ’ਤੇ ਕੀਮਤਾਂ ਨੋਟ ਨਹੀਂ ਕੀਤੀਆਂ ਗਈਆਂ ਸਨ ਤੇ ਇਹ ਕਰੀਬ 526 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਐੱਨਡੀਏ ਕਾਂਗਰਸ ਦੇ ਮੁਕਾਬਲੇ ਸੌਦੇ ਦੀਆਂ ਕੀਮਤਾਂ ਨੌਂ ਫੀਸਦ ਤੱਕ ਘਟਾਉਣ ਵਿਚ ਕਾਮਯਾਬ ਹੋਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ‘ਐਚਏਐੱਲ’ ਬਾਰੇ ਸਿਰਫ਼ ਮਗਰਮੱਛ ਦੇ ਹੰਝੂ ਵਹਾ ਰਹੀ ਹੈ ਜਦਕਿ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਇਸ ਸਰਕਾਰੀ ਅਦਾਰੇ ਦੇ ਵਿਕਾਸ ਲਈ ਕੋਈ ਕਦਮ ਨਹੀਂ ਚੁੱਕਿਆ। ਸੀਤਾਰਾਮਨ ਨੇ ਕਿਹਾ ਕਿ ਐੱਨਡੀਏ ਕਾਰਜਕਾਲ ਦੌਰਾਨ ‘ਐਚਏਐੱਲ’ ਨੂੰ ਇਕ ਲੱਖ ਕਰੋੜ ਰੁਪਏ ਦੇ ਠੇਕੇ ਮਿਲੇ ਹਨ। ਉਨ੍ਹਾਂ ਕਿਹਾ ਕਿ ਜਹਾਜ਼ਾਂ ਦੀ ਗਿਣਤੀ 126 ਤੋਂ ਘਟਾ ਕੇ 36 ਕਰਨ ਬਾਰੇ ਗੁੰਮਰਾਹ ਕੀਤਾ ਜਾ ਰਿਹਾ ਜਦਕਿ ਕਾਂਗਰਸ ਉਡਣ ਯੋਗ ਸਥਿਤੀ ’ਚ ਸਿਰਫ਼ 18 ਜਹਾਜ਼ ਖ਼ਰੀਦਣਾ ਚਾਹੁੰਦੀ ਸੀ ਤੇ ਐੇੱਨਡੀਏ ਨੇ 36 ਖ਼ਰੀਦੇ ਹਨ। ਏਡੀਏਜੀ ਗਰੁੱਪ ਨੂੰ ਆਫ਼ਸੈੱਟ ਠੇਕਾ ਦੇਣ ਬਾਰੇ ਉਨ੍ਹਾਂ ਕਿਹਾ ਕਿ ਇਸੇ ਕੰਪਨੀ ਨੂੰ ਕਾਂਗਰਸ ਰਾਜ ਦੌਰਾਨ 53 ਛੋਟਾਂ ਤੇ ਹੋਰ ਰਿਆਇਤਾਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਉਸ ਦਾਅਵੇ ਨੂੰ ਸਦਨ ਵਿਚ ਸਾਬਿਤ ਕਰਕੇ ਦਿਖਾਉਣ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਇਕ ਫਰਾਂਸੀਸੀ ਆਗੂ ਨੇ ਉਨ੍ਹਾਂ ਨੂੰ ਸੌਦੇ ਵਿਚ ਜਾਣਕਾਰੀ ਗੁਪਤ ਰੱਖਣ ਸਬੰਧੀ ਕੋਈ ਨੇਮ ਨਾ ਹੋਣ ਬਾਰੇ ਕਿਹਾ ਸੀ।