ਭਗੌੜੇ ਆਰਥਿਕ ਅਪਰਾਧੀਆਂ ਖ਼ਿਲਾਫ਼ ਭਾਰਤ ਦੇ ਯਤਨਾਂ ਦੇ ਸਿੱਟੇ ਸਾਹਮਣੇ ਆਉਣਗੇ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਸਰਕਾਰ ਦੇ ਯਤਨਾਂ ਸਦਕਾ ਦੇਸ਼ ਛੱਡ ਕੇ ਫ਼ਰਾਰ ਹੋਏ ਆਰਥਿਕ ਅਪਰਾਧੀਆਂ ਸੁਰੱਖਿਅਤ ਪਨਾਹਗਾਹਾਂ ਹਾਸਲ ਨਾ ਹੋਣ ਦੇਣ ਦੇ ਯਤਨਾਂ ਦੇ ਸਿੱਟੇ ਸਾਹਮਣੇ ਆਉਣਗੇ। ਪ੍ਰਧਾਨ ਮੰਤਰੀ ਨੇ ਦੈਨਿਕ ਜਾਗਰਣ ਮੀਡੀਆ ਗਰੁਪ ਵਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਨੇ ਕੌਮਾਂਤਰੀ ਭਾਈਚਾਰੇ ਨੂੰ ਇਹ ਯਕੀਨੀ ਬਣਾਉਣ ਲਈ ਕੁਝ ਸੁਝਾਅ ਦਿੱਤੇ ਹਨ ਕਿ ਜਿਨ੍ਹਾਂ ਨੇ ਆਰਥਿਕ ਅਪਰਾਧ ਕੀਤੇ ਹਨ ਉਨ੍ਹਾਂ ਨੂੰ ਦੁਨੀਆ ਵਿਚ ਕਿਤੇ ਵੀ ਸੁਰੱਖਿਅਤ ਪਨਾਹਗਾਹ ਨਾ ਮਿਲ ਸਕੇ। ਉਨ੍ਹਾਂ ਕਿਹਾ ‘‘ ਮੈਨੂੰ ਭਰੋਸਾ ਹੈ ਕਿ ਸਾਡੀ ਮੁਹਿੰਮ ਦੇ ਸਿੱਟੇ ਸਾਹਮਣੇ ਆਉਣਗੇ।’’ ਉਨ੍ਹਾਂ ਆਖਿਆ ਕਿ ਉਨ੍ਹਾਂ ਹਾਲ ਹੀ ਵਿਚ ਜੀ-20 ਸਿਖਰ ਸੰਮੇਲਨ ਵਿਚ ਨਵੀਂ ਦਿੱਲੀ ਦਾ ਸਟੈਂਡ ਪੇਸ਼ ਕੀਤਾ ਸੀ। ਸਰਕਾਰ ਦਾ ਦਾਅਵਾ ਹੈ ਕਿ ਉਹ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਕਰ ਕੇ ਫ਼ਰਾਰ ਹੋਏ ਕਾਰੋਬਾਰੀ ਵਿਜੈ ਮਾਲਿਆ, ਮੇਹੁਲ ਚੋਕਸੀ ਅਤੇ ਨੀਰਵ ਮੋਦੀ ਨੂੰ ਵਾਪਸ ਲਿਆਉਣ ਬਾਰੇ ਕੰਮ ਕਰ ਰਹੀ ਹੈ। ਭਾਰਤ ਨੇ ਜੀ-20 ਸਿਖਰ ਸੰਮੇਲਨ ਵਿਚ ਭਗੌੜੇ ਆਰਥਿਕ ਅਪਰਾਧੀਆਂ ਨਾਲ ਨਜਿੱਠਣ ਲਈ ਮਜ਼ਬੂਤ ਤੇ ਸਰਗਰਮ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਜੀ-20 ਦੇ ਕੌਮਾਂਤਰੀ ਵਪਾਰ, ਕੌਮਾਂਤਰੀ ਵਿੱਤੀ ਤੇ ਟੈਕਸ ਪ੍ਰਣਾਲੀਆਂ ਬਾਰੇ ਦੂਜੇ ਸੈਸ਼ਨ ਵਿਚ ਆਪਣਾ ਏਜੰਡਾ ਰੱਖਿਆ ਸੀ। ਭਾਰਤ ਨੇ ਜੀ-20 ਦੇਸ਼ਾਂ ਨੂੰ ਸਾਂਝੇ ਯਤਨਾਂ ਰਾਹੀਂ ਅਜਿਹਾ ਚੌਖਟਾ ਤਿਆਰ ਕਰਨ ਲਈ ਕਿਹਾ ਸੀ ਤਾਂ ਕਿ ਭਗੌੜੇ ਆਰਥਿਕ ਅਪਰਾਧੀਆਂ ਨੂੰ ਸੁਰੱਖਿਅਤ ਪਨਾਹਗਾਹ ਨਾ ਮਿਲ ਸਕੇ।