‘ਭਗਵਾਨ ਹਨੂਮਾਨ ‘ਮਨੂਵਾਦੀ’ ਲੋਕਾਂ ਦਾ ਗ਼ੁਲਾਮ ਸੀ’

ਬਹਿਰਾਇਚ ਤੋਂ ਭਾਜਪਾ ਦੀ ਸੰਸਦ ਮੈਂਬਰ ਸਾਵਿੱਤਰੀ ਬਾਈ ਫੂਲੇ ਨੇ ਅੱਜ ਦਾਅਵਾ ਕੀਤਾ ਕਿ ਭਗਵਾਨ ਹਨੂਮਾਨ ‘ਇਕ ਦਲਿਤ ਹੋਣ ਦੇ ਨਾਲ ‘ਮਨੂਵਾਦੀ’ ਲੋਕਾਂ ਦਾ ਗੁਲਾਮ ਸੀ’। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਕ ਬਿਆਨ ਵਿੱਚ ਹਨੂਮਾਨ ਨੂੰ ਦਲਿਤ ਦੱਸਿਆ ਸੀ। ਫੁਲੇ ਨੇ ਕਥਿਤ ਤੌਰ ’ਤੇ ਕਿਹਾ ਕਿ ਦਲਿਤਾਂ ਤੇ ਪੱਛੜੇ ਲੋਕਾਂ ਨੂੰ ‘ਬਾਂਦਰ’ ਅਤੇ ‘ਰਾਕਸ਼ਸ’ ਕਿਹਾ ਜਾਂਦਾ ਸੀ। ਫੂਲੇ ਨੇ ਕਿਹਾ ਕਿ ਭਾਜਪਾ ਕੋਲ ਹੋਰ ਕੋਈ ਮੁੱਦਾ ਨਾ ਹੋਣ ਕਰਕੇ ਉਹ ਰਾਮ ਮੰਦਿਰ ਦੇ ਮੁੱਦੇ ਨੂੰ ਉਭਾਰ ਰਹੀ ਹੈ। ਉਧਰ ਭਾਜਪਾ ਦੇ ਤਰਜਮਾਨ ਚੰਦਰ ਮੋਹਨ ਨੇ ਕਿਹਾ ਕਿ ਫੁਲੇ ਦੇ ਬਿਆਨ ਤੋਂ ਇੰਜ ਜਾਪਦਾ ਹੈ ਕਿ ਉਨ੍ਹਾਂ ਨੂੰ ਭਾਰਤੀ ਰਵਾਇਤਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਫੂਲੇ ਨੇ ਫੋਨ ’ਤੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਭਗਵਾਨ ਹਨੂਮਾਨ ਦਲਿਤ ਸਨ ਤੇ ‘ਮਨੂਵਾਦੀ’ ਲੋਕਾਂ ਦੇ ਗੁਲਾਮ ਸਨ। ਉਹ ਦਲਿਤ ਤੇ ਇਕ ਮਨੁੱਖ ਸਨ। ਉਨ੍ਹਾਂ ਭਗਵਾਨ ਰਾਮ ਲਈ ਇੰਨਾ ਕੁਝ ਕੀਤਾ, ਪਰ ਫ਼ਿਰ ਉਨ੍ਹਾਂ ਨੂੰ ਪੂਛ ਲਾ ਕੇ ਤੇ ਮੂੰਹ ਕਾਲਾ ਕਰਕੇ ਬਾਂਦਰ ਦਾ ਰੂਪ ਕਿਉਂ ਦਿੱਤਾ ਗਿਆ।’ ਫੂਲੇ ਨੇ ਕਿਹਾ, ‘ਜਦੋਂ ਉਨ੍ਹਾਂ (ਭਗਵਾਨ ਹਨੂਮਾਨ) ਪੂਰੀ ਭਗਤੀ ਭਾਵਨਾ ਨਾਲ ਭਗਵਾਨ ਰਾਮ ਲਈ ਇੰਨਾ ਕੁਝ ਕੀਤਾ ਤਾਂ ਉਨ੍ਹਾਂ ਨੂੰ ਬਾਂਦਰ ਦੀ ਥਾਂ ਮਨੁੱਖ ਦਾ ਰੂਪ ਦਿੱਤਾ ਜਾਣਾ ਚਾਹੀਦਾ ਸੀ। ਇਹੀ ਨਹੀਂ ਉਸ ਸਮੇਂ ਦਲਿਤ ਹੋਣ ਕਰਕੇ ਉਨ੍ਹਾਂ ਨੂੰ ਜ਼ਿੱਲਤ ਵੀ ਝੱਲਣੀ ਪਈ। ਅਸੀਂ ਦਲਿਤਾਂ ਨੂੰ ਮਨੁੱਖ ਕਿਉਂ ਨਹੀਂ ਮੰਨਦੇ?’ ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਮਾਲਾਖੇੜਾ ਵਿੱਚ ਚੋਣ ਰੈਲੀ ਦੌਰਾਨ ਕਿਹਾ, ‘ਹੱਕਾਂ ਤੋਂ ਵਾਂਝੇ ਰੱਖੇ ਗਏ ਭਗਵਾਨ ਹਨੂਮਾਨ ਜੰਗਲਾਂ ਵਿੱਚ ਰਹਿੰਦੇ ਸਨ ਤੇ ਦਲਿਤ ਸਨ। ਬਜਰੰਗ ਬਲੀ ਨੇ ਭਾਰਤੀ ਭਾਈਚਾਰਿਆਂ ਨੂੰ ਜੋੜਨ ਦਾ ਕੰਮ ਕੀਤਾ।’