ਭਗਤਾਂਵਾਲਾ ਕੂੜਾ ਡੰਪ ਦੀ ਥਾਂ ’ਤੇ ਉਸਾਰਿਆ ਜਾਵੇਗਾ ਪਾਰਕ

ਸ਼ਹਿਰ ਦੇ ਦੱਖਣੀ ਵਿਧਾਨ ਸਭਾ ਹਲਕੇ ਵਿਚ ਪ੍ਰੇਸ਼ਾਨੀ ਦਾ ਕਾਰਨ ਬਣੇ ਭਗਤਾਂਵਾਲਾ ਕੂੜਾ ਡੰਪ ਨੂੰ ਹਟਾਉਣ ਦਾ ਐਲਾਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਡੰਪ ਵਾਲੇ ਸਥਾਨ ‘ਤੇ ਕਰੀਬ 20 ਏਕੜ ਰਕਬੇ ਵਿਚ ਸ਼ਾਨਦਾਰ ਪਾਰਕ ਬਣਾਇਆ ਜਾਵੇਗਾ ਅਤੇ ਇਹ ਕੰਮ ਅਗਲੇ 10 ਦਿਨਾਂ ਵਿਚ ਸ਼ੁਰੂ ਕਰ ਕੇ 6 ਮਹੀਨਿਆਂ ਵਿਚ ਖਤਮ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਡੰਪ ਨੂੰ ਇਥੋਂ ਹਟਾਉਣ ਲਈ ਇਥੋਂ ਦੀਆਂ ਕਲੋਨੀਆਂ ਦੇ ਵਸਨੀਕਾਂ ਵੱਲੋਂ ਪਿਛਲੇ ਇਕ ਦਹਾਕੇ ਤੋਂ ਵੀ ਵਧੇਰੇ ਸਮੇਂ ਤੋਂ ਜਦੋ ਜਹਿਦ ਕੀਤੀ ਜਾ ਰਹੀ ਸੀ। ਇਸ ਤਹਿਤ ਕਈ ਦਿਨ ਨਿਰੰਤਰ ਧਰਨੇ ਵੀ ਦਿੱਤੇ ਗਏ। ਇਸੇ ਮਾਮਲੇ ਵਿਚ ਪਿਛਲੀ ਸਰਕਾਰ ਵੇਲੇ ਸਰਕਾਰ ਦੇ ਫੈਸਲੇ ਖਿਲਾਫ ਦੱਖਣੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਵੀ ਧਰਨਾ ਦਿੱਤਾ ਸੀ। ਪਿਛਲੀ ਸਰਕਾਰ ਵਲੋਂ ਵੀ ਲੋਕਾਂ ਦੀ ਮੰਗ ਅੱਗੇ ਝੁਕਦਿਆਂ ਇਥੋਂ ਡੰਪ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਇਹ ਫੈਸਲਾ ਵਿਚਾਲੇ ਹੀ ਲਟਕਿਆ ਰਿਹਾ । ਵਿਧਾਨ ਸਭਾ ਚੋਣਾਂ ਵਿਚ ਵੀ ਇਸ ਹਲਕੇ ਵਿਚ ਇਹ ਮੁੱਦਾ ਬਣਿਆ ਸੀ। ਅੱਜ ਇਸ ਐਲਾਨ ਨਾਲ ਲੋਕਾਂ ਨੇ ਮੁੜ ਰਾਹਤ ਮਹਿਸੂਸ ਕੀਤੀ ਹੈ। ਡੰਪ ‘ਤੇ ਪਹੁੰਚੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਰਾਜ ਕੁਮਾਰ ਵੇਰਕਾ ਤੇ ਸੁਨੀਲ ਦੱਤੀ ਸਮੇਤ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਇਹ ਐਲਾਨ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਡੰਪ ਨੂੰ ਹਟਾਉਣਾ ਮੁਸ਼ਕਲ ਨਹੀਂ ਸੀ, ਲਗਪਗ ਨਾਮੁਮਕਿਨ ਕੰਮ ਸੀ, ਪਰ ਇੰਦੌਰ ਦੇ ਆਈ ਏ ਐਸ ਅਧਿਕਾਰੀ ਵੱਲੋਂ ਉਥੋਂ ਦੇ ਡੰਪ ਹਟਾਉਣ ਦੀ ਖ਼ਬਰ ਨੇ ਜੋਸ਼ ਭਰ ਦਿੱਤਾ, ਜਿਸ ਨਾਲ ਸਾਨੂੰ ਇਸ ਸੰਕਟ ਤੋਂ ਮੁੱਕਤ ਹੋਣ ਦਾ ਰਾਹ ਮਿਲ ਗਿਆ। ਉਨ੍ਹਾਂ ਮੇਅਰ ਸ੍ਰੀ ਰਿੰਟੂ ਅਤੇ ਕਮਿਸ਼ਨਰ ਸੋਨਾਲੀ ਗਿਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਕਤ ਦੋਵਾਂ ਸ਼ਖਸੀਅਤਾਂ ਨੇ ਇਸ ਕੰਮ ਨੂੰ ਡੂੰਘਾਈ ਨਾਲ ਦੇਖਿਆ, ਸਮਝਿਆ ਤੇ ਸਮਝਾਇਆ, ਜਿਸ ਨਾਲ ਡੰਪ ਹਟਾਉਣ ਦਾ ਰਾਹ ਪੱਧਰਾ ਹੋ ਸਕਿਆ। ਉਨ੍ਹਾਂ ਪਾਰਕ ਨੂੰ ਛੇਤੀ ਨੇਪਰੇ ਚਾੜਨ ਲਈ ਵੱਡ ਅਕਾਰੀ ਬੂਟੇ ਲਾਉਣ ਦੀ ਹਦਾਇਤ ਕੀਤੀ।