ਬੱਚੇ ਦੀ ਮੌਤ ਤੋਂ ਭੜਕੇ ਮਜ਼ਦੂਰ ਪਰਿਵਾਰ ਵੱਲੋਂ ਹਸਪਤਾਲ ਵਿਚ ਹੰਗਾਮਾ

ਮੋਗਾ ਅਕਾਲਸਰ ਰੋਡ ਉੱਤੇ ਪ੍ਰਾਈਵੇਟ ਹਸਪਤਾਲ ਵਿਚ ਕਥਿਤ ਲਾਪ੍ਰਵਾਹੀ ਕਰਕੇ ਇਲਾਜ ਦੌਰਾਨ ਢਾਈ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਗਰੀਬ ਮਜ਼ਦੂਰ ਪਰਿਵਾਰ ਨੇ ਡਾਕਟਰ ਉੱਤੇ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਹਸਪਤਾਲ’ਚ ਹੰਗਾਮਾ ਖੜ੍ਹਾ ਹੋ ਜਾਣ ਕਰਕੇ ਪੁਲੀਸ ਨੂੰ ਬੁਲਾਉਣਾ ਪਿਆ। ਇਸ ਮੌਕੇ ਡਾਕਟਰ ਦੇ ਹੱਕ ’ਚ ਆਈਐੱਮਏ ਆਗੂ ਤੇ ਗਰੀਬ ਪਰਿਵਾਰ ਦੇ ਹੱਕ ’ਚ ਕੁਝ ਜਥੇਬੰਦੀ ਆਗੂ ਵੀ ਪਹੁੰਚ ਗਏ।
ਇਸ ਮੌਕੇ ਮ੍ਰਿਤਕ ਬੱਚੇ ਦੇ ਦਾਦਾ ਰਜਿੰਦਰ ਅਤੇ ਬੱਚੇ ਦੇ ਪਿਤਾ ਸੰਦੀਪ ਵਾਸੀ ਸਥਾਨਕ ਮਟਾ ਵਾਲਾ ਵਿਹੜਾ ਨੇ ਇਨਸਾਫ ਦੀ ਮੰਗ ਕੀਤੀ। ਉਨ੍ਹਾਂ ਰੋਸ ਵਜੋਂ ਬੱਚੇ ਦੇ ਲਾਸ਼ ਨੂੰ ਵੀ ਹਸਪਤਾਲ ਵਿੱਚੋਂ ਨਹੀ ਚੁੱਕਿਆ। ਬੱਚੇ ਦੇ ਦਾਦਾ ਰਜਿੰਦਰ ਨੇ ਦੱਸਿਆ ਕਿ ਉਹ ਆਪਣੇ ਢਾਈ ਮਹੀਨੇ ਦੇ ਪੋਤੇ ਨੂੰ ਲੰਘੀ ਰਾਤ ਇਸ ਹਸਪਤਾਲ ਵਿਚ ਲਿਆਏ ਸਨ। ਇਸ ਤੋਂ ਪਹਿਲਾਂ ਸ਼ਹਿਰ ਦੇ ਬੱਚਿਆਂ ਦੇ ਮਾਹਿਰ ਨਾਮੀ ਡਾਕਟਰ ਦੇ ਹਸਪਤਾਲ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੇ ਬੱਚੇ ਦਾ ਇਲਾਜ ਚੱਲ ਰਿਹਾ ਸੀ। ਇਸ ਮੌਕੇ ਪੀੜਤ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਡਾਕਟਰ ਨੇ ਬੱਚੇ ਦੀ ਮੌਤ ਨੂੰ ਉਦੋਂ ਤਕ ਛੁਪਾਈ ਰੱਖੀ, ਜਦੋਂ ਤਕ ਹਸਪਤਾਲ ਦਾ ਬਿੱਲ ਜਮ੍ਹਾਂ ਨਹੀਂ ਕਰਵਾਇਆ ਗਿਆ। ਡਾਕਟਰ ਪੀੜਤ ਪਰਿਵਾਰ ਨੂੰ ਗੁੰਮਰਾਹ ਕਰਦਾ ਰਿਹਾ ਤਾਂ ਜੋ ਦਵਾਈ ਦਾ ਬਿੱਲ ਜਮ੍ਹਾਂ ਕਰਵਾ ਦੇਣ। ਜਦੋਂ ਉਨ੍ਹਾਂ 5 ਹਜ਼ਾਰ ਰੁਪਏ ਹਸਪਤਾਲ ਦਾ ਖਰਚਾ ਜਮ੍ਹਾਂ ਕਰਵਾ ਦਿੱਤਾ ਤਾਂ ਡਾਕਟਰ ਨੇ ਬੱਚੇ ਦੀ ਮੌਤ ਹੋ ਜਾਣ ਦੀ ਗੱਲ ਆਖੀ।
ਉਨ੍ਹਾਂ ਦੋਸ਼ ਲਾਇਆ ਕਿ ਬੱਚੇ ਦੀ ਮੌਤ ਲਈ ਡਾਕਟਰ ਜ਼ਿੰਮੇਵਾਰ ਹਨ। ਬੱਚੇ ਦੀ ਮੌਤ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਹਸਪਤਾਲ ’ਚ ਜ਼ੋਰਦਾਰ ਹੰਗਾਮਾ ਸ਼ੁਰੂ ਕਰ ਦਿੱਤਾ, ਜਿਸ ’ਤੇ ਪੁਲੀਸ ਨੂੰ ਬੁਲਾਉਣਾ ਪਿਆ, ਇਸ ਮੌਕੇ ਏਐਸਆਈ ਜਗਤਾਰ ਸਿੰਘ ਨੇ ਪੀੜਤ ਪਰਿਵਾਰ ਨੂੰ ਸ਼ਾਂਤ ਕਰਨ ਲਈ ਕਾਰਵਾਈ ਦਾ ਭਰੋਸਾ ਵੀ ਦਿੱਤਾ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਬੱਚੇ ਦੀ ਮੌਤ ਹੋਣ ’ਤੇ ਵੀ ਡਾਕਟਰ ਦੇ ਰਵੱਈਏ ’ਚ ਤਬਦੀਲੀ ਨਾ ਆਈ।।
ਇਸ ਦੌਰਾਨ ਡਾਕਟਰ ਡਾ. ਚੰਦਨ ਸਿੰਗਲਾ ਨੇ ਕਿਹਾ ਕਿ ਬੱਚੇ ਨੂੰ ਦੌਰੇ ਪੈਣ ਦੀ ਹਾਲਤ ਵਿੱਚ ਉਨ੍ਹਾਂ ਕੋਲ ਲਿਆਂਦਾ ਗਿਆ ਸੀ ਜਿਸ ਦਾ ਇਲਾਜ ਬੱਚੇ ਦੀ ਗੰਭੀਰ ਹਾਲਤ ਬਾਰੇ ਪਰਿਵਾਰ ਨੂੰ ਜਾਣੂ ਕਰਵਾਉਣ ਤੋਂ ਬਾਅਦ ਹੀ ਸ਼ੁਰੂ ਕੀਤਾ ਗਿਆ ਸੀ। ਇਲਾਜ ਦੇ ਬਾਵਜੂਦ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਸੀ। ਇਸ ਬਾਰੇ ਉਸ ਦੇ ਪਰਿਵਾਰ ਦੇ ਧਿਆਨ ਵਿਚ ਲਿਆ ਕੇ ਬੱਚੇ ਨੂੰ ਵੈਟੀਲੇਂਟਰ ’ਤੇ ਲਗਾਇਆ ਗਿਆ ਸੀ। ਉਨ੍ਹਾਂ ਵੱਲੋਂ ਬੱਚੇ ਦੇ ਹਾਲਤ ਦੀ ਜਾਣਕਾਰੀ ਸਮੇਂ ਸਮੇਂ ਤੇ ਪਰਿਵਾਰ ਨੂੰ ਦਿੱਤੀ ਗਈ ਅਤੇ ਉਨ੍ਹਾਂ ਦੇ ਬੱਚੇ ਦੀ ਮੌਤ ਛੁਪਾਉਣ ਦੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।
ਇਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਮਿੱਤਲ ਅਤੇ ਹੋਰ ਅਹੁਦੇਦਾਰ ਵੀ ਹਸਪਤਾਲ ਪੁੱਜ ਗਏ ਅਤੇ ਉਨ੍ਹਾਂ ਪੀੜਤ ਪਰਿਵਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਅਸਲੀਅਤ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਤੀਜਾ ਕੋਈ ਨਾ ਨਿਕਲਿਆ।