ਬੰਦ ਨਜ਼ਰਾਂ ਖੋਲ੍ਹਣ ਲਈ ਕਿਸਾਨਾਂ ਨੇ ਅਧਿਕਾਰੀਆਂ ਨੂੰ ਕੀਤਾ ਨਜ਼ਰਬੰਦ

ਬੈਂਕਾਂ ਤੇ ਸੂਦਖ਼ੋਰਾਂ ਤੋਂ ਖਾਲੀ ਚੈੱਕ ਵਾਪਸ ਕਰਵਾਉਣ ਲਈ ਨਵੇਂ ਵਰ੍ਹੇ ਤੋਂ ਵਿੱਢੇ ਪੰਜ ਰੋਜ਼ਾ ਸੰਘਰਸ਼ ਦੇ ਅੰਤਿਮ ਦਿਨ ਇਥੇ ਕਿਸਾਨਾਂ ਨੇ ਦੁਪਹਿਰ ਬਾਅਦ ਪੰਜਾਬ ਐਂਡ ਸਿੰਧ ਲੀਡ ਬੈਂਕ, ਗੋਧੇਵਾਲਾ ਦਾ ਘਿਰਾਓ ਸ਼ੁਰੂ ਕਰ ਦਿੱਤਾ। ਰੋਹ ’ਚ ਆਏ ਕਿਸਾਨਾਂ ਨੇ ਦੇਰ ਰਾਤ ਤੱਕ ਘਿਰਾਓ ਕਰਕੇ ਅਧਿਕਾਰੀਆਂ ਨੂੰ ਨਜ਼ਰਬੰਦ ਰੱਖਿਆ ਅਤੇ ਮਹਿਲਾ ਮੈਨੇਜਰ ਨੂੰ ਰੋਕ ਕੇ ਬਾਕੀ ਮਹਿਲਾ ਸਟਾਫ਼ ਨੂੰ ਘਰ ਜਾਣ ਦਿੱਤਾ ਗਿਆ। ਇਸ ਮੌਕੇ ਭਾਕਿਯੂ (ਏਕਤਾ ਉਗਰਾਹਾਂ) ਸੂਬਾਈ ਆਗੂ ਸੁਖਦੇਵ ਸਿੰਘ ਕੋਕਰੀ ਨੇ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ ਉੱਤੇ ਤਿੱਖੇ ਹਮਲੇ ਕਰਦੇ ਕਿਹਾ ਕਿ ਕਰਜ਼ਾ ਮੁਆਫ਼ੀ ਦਾ ਲਾਭ ਸਿਰਫ਼ ਕਾਂਗਰਸ ਨਾਲ ਜੁੜੇ ਲੋਕਾਂ ਨੂੰ ਹੋਇਆ ਹੈ, ਜਦੋਂ ਕਿ ਆਮ ਕਿਸਾਨ ਕਰਜ਼ੇ ਦੀ ਪੰਡ ਹੇਠ ਹੈ। ਇਸ ਮੌਕੇ ਕਿਸਾਨ ਆਗੂ ਬਲੌਰ ਸਿਘ ਘਾਲੀ ਨੇ ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 18 ਜਨਵਰੀ ਨੂੰ ਪੂਰੇ ਪੰਜਾਬ ਵਿਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨੇ ’ਚ ਪੁੱਜਣ ਦੀ ਅਪੀਲ ਕੀਤੀ।ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ, ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ, ਗੁਰਦੇਵ ਸਿੰਘ ਕਿਸ਼ਨਪੁਰਾ, ਅਜੀਤ ਸਿੰਘ ਡੇਮਰੂ, ਨਛੱਤਰ ਸਿੰਘ ਕੋਕਰੀ ਹੇਰਾਂ, ਬੂਟਾ ਸਿੰਘ ਭਾਗੀਕੇ, ਸੁਦਾਗਰ ਸਿੰਘ ਖਾਈ, ਹਰਮੰਦਰ ਸਿੰਘ ਡੇਮਰੂ, ਗੁਰਭਿੰਦਰ ਸਿੰਘ ਕੋਕਰੀ ਤੇ ਗੁਰਚਰਨ ਸਿੰਘ ਰਾਮਾਂ, ਜੰਗੀਰ ਸਿੰਘ ਹਿੰਮਤਪੁਰਾ ਮੌਜੂਦ ਸਨ।