ਬੈਰਸਾਲ ਦੀ ਸਰਕਾਰੀ ਖੱਡ ’ਚੋਂ ਨਾਜਾਇਜ਼ ਖਣਨ ਦਾ ਖ਼ੁਲਾਸਾ

ਪਿਛਲੇ ਕਈ ਦਿਨਾਂ ਤੋਂ ਸਤਲੁਜ ਦਰਿਆ ਵਿਚ ਰੇਤੇ ਦੀ ਮਨਜ਼ੂਰਸ਼ੁਦਾ ਪਰ ਮੁਅੱਤਲ ਕੀਤੀ ਗਈ ਖੱਡ ਵਿਚੋਂ ਨਾਜਾਇਜ਼ ਮਾਈਨਿੰਗ ਚੱਲ ਰਹੀ ਸੀ। ਅੱਜ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਖੱਡ ਦੀ ਜਾਂਚ ਲਈ ਪੁੱਜੇ ਤਾਂ ਖੁਲਾਸਾ ਹੋਇਆ ਕਿ ਇਸ ਖੱਡ ’ਚੋਂ ਤਾਂ ਮਾਈਨਿੰਗ ਹੋ ਹੀ ਨਹੀਂ ਸਕਦੀ।
ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂਸ਼ਹਿਰ ਜ਼ਿਲ੍ਹੇ ਦੀ ਬੈਰਸਾਲ ਸਰਕਾਰੀ ਰੇਤ ਦੀ ਖੱਡ ਪਿਛਲੀ 13 ਦਸੰਬਰ ਤੋਂ ਸਰਕਾਰ ਦੀ ਬਣਦੀ ਕਿਸ਼ਤ ਨਾ ਅਦਾ ਹੋਣ ਕਾਰਨ ਵਿਭਾਗ ਨੇ ਬੰਦ ਕੀਤੀ ਹੋਈ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਖੱਡ ’ਚੋਂ ਰੋਜ਼ਾਨਾ ਸੈਂਕੜੇ ਹੀ ਗੱਡੀਆਂ ਰੇਤੇ ਦੀਆਂ ਭਰ ਕੇ ਨਿਕਲ ਰਹੀਆਂ ਹਨ ਅਤੇ ਜੋ ਉਨ੍ਹਾਂ ਨੂੰ ਮਾਈਨਿੰਗ ਵਿਭਾਗ ਦੀ ਪਰਚੀ ਦਿੱਤੀ ਜਾ ਰਹੀ ਹੈ, ਉਹ ਵੀ ਕਿਸੇ ਹੋਰ ਸਰਕਾਰੀ ਖੱਡ ਦੀ ਦੱਸੀ ਜਾ ਰਹੀ ਹੈ। ਇਹ ਮਾਈਨਿੰਗ ਪਰਚੀ ਜਾਅਲੀ ਹੈ ਜਾਂ ਅਸਲੀ, ਇਸ ਬਾਰੇ ਵੀ ਕੋਈ ਸਥਿਤੀ ਸਪੱਸ਼ਟ ਨਹੀਂ। ਅੱਜ ਸਵੇਰੇ ਵਿਜੀਲੈਂਸ ਵਿਭਾਗ ਦੇ ਡੀ.ਐੱਸ.ਪੀ ਮਨਦੀਪ ਸਿੰਘ ਤੇ ਹੋਰ ਪੁਲੀਸ ਅਧਿਕਾਰੀ ਇੱਕ ਸ਼ਿਕਾਇਤ ਦੇ ਆਧਾਰ ’ਤੇ ਬੈਰਸਾਲ ਪਿੰਡ ਦੀ ਮੁਅੱਤਲ ਪਈ ਖੱਡ ’ਚ ਪੁੱਜੇ ਤਾਂ ਉਥੇ ਦੇਖਿਆ ਕਿ ਦਰਿਆ ਵਿਚੋਂ ਰੇਤ ਦੀ ਨਾਜਾਇਜ਼ ਮਾਈਨਿੰਗ ਜਾਰੀ ਸੀ ਅਤੇ 50 ਤੋਂ ਵੱਧ ਟਰੈਕਟਰ-ਟਰਾਲੀਆਂ ਤੇ ਟਿੱਪਰ ਰੇਤ ਦੇ ਭਰੇ ਸਨ ਜਦਕਿ ਕਈ ਭਰਨ ਲਈ ਖਾਲੀ ਖੜ੍ਹੇ ਸਨ। ਇਨ੍ਹਾਂ ਕੋਲ ਮਾਈਨਿੰਗ ਵਿਭਾਗ ਦੀ ਜੋ ਪਰਚੀ ਸੀ, ਉਹ ਉਥੇ ਜਾਂਚ ਲਈ ਪੁੱਜੇ ਪੁਲੀਸ ਅਧਿਕਾਰੀਆਂ ਨੇ ਜ਼ਬਤ ਕਰ ਲਈ।
ਸਤਲੁਜ ਦਰਿਆ ਵਿਚ ਹੋ ਰਹੀ ਇਸ ਨਾਜਾਇਜ਼ ਮਾਈਨਿੰਗ ਬਾਰੇ ਪੁੱਛੇ ਜਾਣ ’ਤੇ ਪੁਲੀਸ ਦੇ ਅਧਿਕਾਰੀ ਕੋਈ ਵੀ ਸਪੱਸ਼ਟ ਜਾਣਕਾਰੀ ਨਾ ਦੇ ਸਕੇ ਵਿਜੀਲੈਂਸ ਵਿਭਾਗ ਦੇ ਡੀ.ਐੱਸ.ਪੀ ਮਨਦੀਪ ਸਿੰਘ ਨੇ ਕਿਹਾ ਕਿ ਅਜੇ ਜਾਂਚ ਜਾਰੀ ਹੈ ਕਿ ਰੇਤ ਦੀ ਮਾਈਨਿੰਗ ਜਾਇਜ਼ ਹੈ ਜਾਂ ਨਾਜਾਇਜ਼। ਜਦੋਂ ਇਸ ਸਬੰਧੀ ਉਥੇ ਬਿਆਨ ਦਰਜ ਕਰ ਰਹੇ ਸਹਾਇਕ ਥਾਣੇਦਾਰ ਦੇਸਰਾਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰੇ ਹੀ ਵਿਭਾਗਾਂ ਨੂੰ ਬੁਲਾਇਆ ਗਿਆ ਹੈ, ਜਿਸ ’ਚ ਨਵਾਂਸ਼ਹਿਰ ਦੇ ਮਾਈਨਿੰਗ ਅਧਿਕਾਰੀ, ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਕੁੱਝ ਹਿੱਸਾ ਲੁਧਿਆਣਾ ਜ਼ਿਲ੍ਹੇ ਕੂੰਮਕਲਾਂ ਥਾਣੇ ’ਚ ਪੈਂਦਾ ਹੈ ਜਿੱਥੋਂ ਕਿ ਅਧਿਕਾਰੀ ਆਉਣ ਤੋਂ ਬਾਅਦ ਹੀ ਜਾਂਚ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ।
ਜ਼ਿਲ੍ਹਾ ਨਵਾਂਸ਼ਹਿਰ ਮਾਈਨਿੰਗ ਵਿਭਾਗ ਦੇ ਐੱਸ.ਡੀ.ਓ. ਹਰਜੀਤ ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੈਰਸਾਲ ਦੀ ਸਰਕਾਰੀ ਰੇਤ ਖੱਡ ਕਿਸ਼ਤ ਦੀ ਅਦਾਇਗੀ ਨਾ ਹੋਣ ਕਾਰਨ ਵਿਭਾਗ ਵਲੋਂ ਬੰਦ ਕੀਤੀ ਹੋਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਪਿਛਲੇ ਕਈ ਦਿਨਾਂ ਤੋਂ ਇਸ ਬੰਦ ਪਈ ਖੱਡ ’ਚੋਂ ਰੇਤ ਦੀਆਂ ਸੈਂਕੜੇ ਗੱਡੀਆਂ ਭਰ ਕੇ ਜਾ ਰਹੀਆਂ ਹਨ ਤਾਂ ਐੱਸ.ਡੀ.ਓ ਬੇਵੱਸ ਨਜ਼ਰ ਆਇਆ ਅਤੇ ਉਸਨੇ ਕਿਹਾ ਕਿ ਸਭ ਨੂੰ ਪਤਾ ਹੀ ਹੈ ਕਿ ਰੇਤ ਦਾ ਕਾਰੋਬਾਰ ਕਿਸ ਤਰ੍ਹਾਂ ਚੱਲਦਾ ਹੈ। ਜਦੋਂ ਉਨ੍ਹਾਂ ਨੂੰ ਨਾਜਾਇਜ਼ ਮਾਈਨਿੰਗ ਵਿਚ ਪੁਲੀਸ ਪ੍ਰਸ਼ਾਸਨ ਦੀ ਮਿਲੀਭੁਗਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ।