ਬੇਕਾਬੂ ਟਰੱਕ ਨੇ ਕਾਰ ਨੂੰ ਟੱਕਰ ਮਾਰੀ; ਦੋ ਮੌਤਾਂ

ਸਵੇਰੇ ਪੈਟਰੋਲ ਪੰਪ ਸਾਹਮਣੇ ਅੰਮ੍ਰਿਤਸਰ-ਜਲੰਧਰ ਜੀ ਟੀ ਰੋਡ ’ਤੇ ਬੇਕਾਬੂ ਹੋਇਆ ਟਰੱਕ ਕਾਰ ਨਾਲ ਟਕਰਾ ਗਿਆ, ਜਿਸ ਕਾਰਨ ਕਾਰ ਚਾਲਕ ਤੇ ਨਾਲ ਬੈਠੀ ਲੜਕੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਜਲੰਧਰ ਵੱਲੋਂ ਰਈਆ ਆ ਰਿਹਾ ਟਰੱਕ ਇੱਥੇ ਪੈਟਰੋਲ ਪੰਪ ਸਾਹਮਣੇ ਪੁੱਜਾ ਤਾਂ ਬੇਕਾਬੂ ਹੋ ਕੇ ਫੁੱਟਪਾਥ ਤੋੜ ਕੇ ਰਈਆ ਤੋਂ ਬਿਆਸ ਵੱਲ ਜਾ ਰਹੀ ਕਾਰ ਵਿਚ ਜਾ ਵੱਜਾ। ਇਸ ਹਾਦਸੇ ਵਿਚ ਕਾਰ ਚਕਨਾਚੂਰ ਹੋ ਗਈ ਤੇ ਕਾਰ ਚਾਲਕ ਰਵਿੰਦਰ ਸਿੰਘ ਵਾਸੀ ਫੇਰੂਮਾਨ (ਅੰਮ੍ਰਿਤਸਰ) ਦੀ ਮੌਕੇ ’ਤੇ ਮੌਤ ਹੋ ਗਈ। ਉਸ ਨਾਲ ਬੈਠੀ ਲੜਕੀ ਸ਼ਾਲੂ ਰਾਣੀ ਵਾਸੀ ਬਾਠ ਸਾਹਿਬ, ਗੁਰਦਾਸਪੁਰ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਤੁਰੰਤ ਡੇਰਾ ਬਾਬਾ ਸਾਵਨ ਸਿੰਘ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਹਾਦਸੇ ਦੇ ਪ੍ਰਤੱਖਦਰਸ਼ੀਆਂ ਦਾ ਕਹਿਣਾ ਸੀ ਕਿ ਗ਼ੁਦਾਮਾਂ ਵਿਚ ਸਪੈਸ਼ਲ ਲੱਗੀ ਹੋਣ ਕਾਰਨ ਟਰੱਕ ਚਾਲਕ ਇੱਕ-ਦੂਜੇ ਦੇ ਅੱਗੇ ਟਰੱਕ ਲੰਘਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਾਰਨ ਟਰੱਕ ਦਾ ਸੁੰਤਲਨ ਵਿਗੜਨ ਕਾਰਨ ਡਿਵਾਈਡਰ ਤੋੜ ਕੇ ਕਾਰ ਵਿਚ ਜਾ ਵੱਜਿਆ। ਇਸ ਹਾਦਸੇ ਦਾ ਸ਼ਿਕਾਰ ਹੋਇਆ ਰਵਿੰਦਰ ਸਿੰਘ ਵਾਸੀ ਫੇਰੂਮਾਨ ਨਹਿਰੀ ਵਿਭਾਗ ਵਿਚ ਪਟਵਾਰੀ ਸੀ। ਉਹ ਤੇ ਸ਼ਾਲੂ ਰਾਣੀ ਚੋਣ ਰਿਹਰਸਲ ’ਤੇ ਜਾ ਰਹੇ ਸਨ। ਪੁਲੀਸ ਚੌਕੀ ਰਈਆ ਅਤੇ ਬਿਆਸ ਦੇ ਕਰਮਚਾਰੀਆਂ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲੀਸ ਨੇ ਟਰੱਕ ਚਾਲਕ ਅਮਨਦੀਪ ਸਿੰਘ ਵਾਸੀ ਰਈਆ ਖ਼ਿਲਾਫ਼ ਧਾਰਾ 304, 278, 337, 338 ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੂਰ ਕਰ ਦਿੱਤੀ ਹੈ।