ਬੇਅਦਬੀ ਕਾਂਡ: ਸੁਖਬੀਰ ਵੱਲੋਂ ਤਫ਼ਤੀਸ਼ ਵਾਲੀ ਥਾਂ ਬਦਲਣ ਲਈ ਪੱਤਰ

‘ਸਿੱਟ’ ਨੂੰ ਅੰਮ੍ਰਿਤਸਰ ਦੀ ਬਜਾਏ ਚੰਡੀਗੜ੍ਹ ’ਚ ਪੁੱਛ-ਗਿੱਛ ਕਰਨ ਲਈ ਕਿਹਾ

ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਤੋਂ ਅੰਮ੍ਰਿਤਸਰ ਦੀ ਥਾਂ ’ਤੇ ਚੰਡੀਗੜ੍ਹ ਵਿੱਚ ਹੀ ਤਫ਼ਤੀਸ਼ ਕੀਤੀ ਜਾਵੇ। ‘ਸਿਟ’ ਦੇ ਮੈਂਬਰ ਤੇ ਸੀਨੀਅਰ ਪੁਲੀਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਲਿਖੀ ਚਿੱਠੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਮੇਟੀ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਤੋਂ ਪੁੱਛ-ਗਿੱਛ ਲਈ ਥਾਂ ਦੀ ਤਬਦੀਲੀ ਸਬੰਧੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚਿੱਠੀ ਸਾਰੇ ਮੈਂਬਰਾਂ ਨੂੰ ਭੇਜ ਦਿੱਤੀ ਗਈ ਹੈ। ਆਈਜੀ ਰੈਂਕ ਦੇ ਇਸ ਅਧਿਕਾਰੀ ਨੇ ਦੱਸਿਆ ਕਿ ਫਿਲਮ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਅਜੇ ਤੱਕ ‘ਸਿਟ’ ਨਾਲ ਕੋਈ ਪੱਤਰ ਵਿਹਾਰ ਨਹੀਂ ਕੀਤਾ ਗਿਆ ਹੈ। ‘ਸਿਟ’ ਨੇ ਸੁਖਬੀਰ ਸਿੰਘ ਬਾਦਲ ਨੂੰ 19 ਨਵੰਬਰ ਨੂੰ ਅੰਮ੍ਰਿਤਸਰ ’ਚ ਪੇਸ਼ ਹੋਣ ਲਈ ਕਿਹਾ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੀਨੀਅਰ ਸਿਟੀਜ਼ਨ ਹੋਣ ਕਰਕੇ ਕਾਨੂੰਨੀ ਤੌਰ ’ਤੇ ‘ਸਿੱਟ’ ਦੇ ਮੈਂਬਰਾਂ ਨੂੰ ਉਨ੍ਹਾਂ ਕੋਲ ਹੀ ਬਿਆਨ ਲੈਣ ਲਈ ਜਾਣਾ ਪੈਣਾ ਸੀ। ਇਸੇ ਕਰਕੇ ਉਨ੍ਹਾਂ ਤੋਂ 16 ਨਵੰਬਰ ਨੂੰ ਚੰਡੀਗੜ੍ਹ ਦੇ ਐਮਐਲਏ ਹੋਸਟਲ ਸਥਿਤ ਰਿਹਾਇਸ਼ ’ਤੇ ਪੁੱਛ-ਗਿੱਛ ਹੋਈ ਸੀ। ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਕਾਨੂੰਨੀ ਤੌਰ ’ਤੇ ਅਜਿਹੀ ਕੋਈ ਵਿਵਸਥਾ ਨਹੀਂ ਹੈ। ਇਸ ਲਈ ਅਕਾਲੀ ਦਲ ਦੇ ਪ੍ਰਧਾਨ ਨੂੰ ‘ਸਿੱਟ’ ਵੱਲੋਂ ਦੱਸੀ ਥਾਂ ’ਤੇ ਹੀ ਜਾਣਾ ਪੈ ਸਕਦਾ ਹੈ। ਛੋਟੇ ਬਾਦਲ ਨੇ ‘ਸਿਟ’ ਦੇ ਮੁਖੀ ਨੂੰ ਲਿਖੇ ਪੱਤਰ ’ਚ ਇਹ ਵੀ ਕਿਹਾ ਹੈ ਕਿ ਪੁੱਛ-ਗਿੱਛ ਲਈ 19 ਨਵੰਬਰ ਦਾ ਕੋਈ ਸਮਾਂ ਨਿਰਧਾਰਤ ਕੀਤਾ ਜਾਵੇ। ਇਸ ਨੂੰ ਇਤਫਾਕ ਹੀ ਕਿਹਾ ਜਾ ਸਕਦਾ ਹੈ ਕਿ ਸੂਬੇ ਦੇ ਗ੍ਰਹਿ ਮੰਤਰੀ ਹੁੰਦਿਆਂ ਜਿਸ ਸੂਬਾ ਪੁਲੀਸ ਦੇ ਅਧਿਕਾਰੀ ਸੁਖਬੀਰ ਸਿੰਘ ਬਾਦਲ ਦੇ ਮੂਹਰੇ ਝੁਕਦੇ ਸਨ, ਉਨ੍ਹਾਂ ਨੂੰ ਹੀ ਪੱਤਰ ਲਿਖ ਕੇ ਥਾਂ ਤਬਦੀਲੀ ਲਈ ਬੇਨਤੀ ਕੀਤੀ ਜਾ ਰਹੀ ਹੈ। ਬੇਅਦਬੀ ਅਤੇ ਪੁਲੀਸ ਗੋਲੀ ਕਾਂਡ ਦੇ ਮਾਮਲਿਆਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਪਹਿਲੀ ਵਾਰੀ ਪੁਲੀਸ ਦੀ ਕਿਸੇ ਪੜਤਾਲੀਆ ਕਮੇਟੀ ਦੇ ਮੂਹਰੇ ਪੇਸ਼ ਹੋਣਗੇ। ਪੰਜਾਬ ਸਰਕਾਰ ਵੱਲੋਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਫ਼ਰੀਦਕੋਟ ਜ਼ਿਲ੍ਹੇ ਅੰਦਰ ਵਾਪਰੀਆਂ ਬੇਅਦਬੀ ਅਤੇ ਪੁਲੀਸ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਪੁਲੀਸ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ‘ਸਿਟ’ ਵੱਲੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਫਿਲਮ ਅਦਾਕਾਰ ਅਕਸ਼ੈ ਕੁਮਾਰ ਨੂੰ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਸੰਮਨ ਭੇਜੇ ਗਏ ਸਨ।