ਬੁੱਢਾ ਦਲ ਦੇ ਨਿਹੰਗਾਂ ’ਚ ਖੜਕੀ; ਇਕ ਜ਼ਖ਼ਮੀ

ਮੁਕਤਸਰ ਰੋਡ ’ਤੇ ਸਥਿਤ ਇਕ ਡੇਰੇ ਵਿਚ ਲੰਘੀ ਦੇਰ ਰਾਤ ਕਥਿਤ ਤੌਰ ’ਤੇ ਬੁੱਢਾ ਦਲ ਦੇ ਨਿਹੰਗ ਸਿੰਘ ’ਤੇ ਉਸ ਦੇ ਸਾਥੀਆਂ ਨੇ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।
ਅੱਜ ਸੁਵਖ਼ਤੇ ਘਟਨਾ ਦਾ ਪਤਾ ਲੱਗਣ ’ਤੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਾਲੰਟੀਅਰਾਂ ਨੇ ਐਂਬੂਲੈਂਸ ’ਤੇ ਉਸ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਪਰ ਹਸਪਤਾਲ ਵਿੱਚ ਕੋਈ ਡਾਕਟਰ ਨਾ ਹੋਣ ਕਾਰਨ ਜ਼ਖ਼ਮੀ ਨਿਹੰਗ ਹਸਪਤਾਲ ਦੇ ਵਿਹੜੇ ’ਚ ਇੱਕ ਬੈਂਚ ’ਤੇ ਕਈ ਘੰਟੇ ਕੁਰਲਾਉਂਦਾ ਰਿਹਾ। ਬਾਅਦ ਵਿੱਚ ਉਸ ਨੂੰ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਇਲਾਜ ਲਈ ਪਹੁੰਚਾਇਆ ਗਿਆ।
ਜ਼ਖ਼ਮੀ ਦੀ ਪਛਾਣ ਕੈਪਟਨ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਤਲਵੰਡੀ ਸਾਬੋ ਵਜੋਂ ਹੋਈ। ਉਸ ਨੇ ਦੱਸਿਆ ਕਿ ਉਹ ਪਾਠੀ ਹੈ ਅਤੇ ਉਸ ਦੇ 4-5 ਸਾਥੀ ਨਿਹੰਗਾਂ ਨੇ ਰਾਤ ਨੂੰ ਉਸ ’ਤੇ ਹਮਲਾ ਕੀਤਾ। ਉਸ ਦਾ ਕਹਿਣਾ ਸੀ ਕਿ ਉਸ ਵੱਲੋਂ ਪਾਠ ਕਰਕੇ ਜੋੜੇ ਰੁਪਏ ਹਮਲਾਵਰ ਮੰਗਦੇ ਸਨ, ਇਨਕਾਰ ਕਰਨ ’ਤੇ ਧਾਵਾ ਬੋਲ ਦਿੱਤਾ ਗਿਆ ਅਤੇ ਜਬਰੀ ਉਸ ਕੋਲੋਂ 14,500 ਰੁਪਏ ਦੀ ਨਕਦੀ, ਮੋਬਾਈਲ ਫ਼ੋਨ ਅਤੇ ਕਿਰਪਾਨ ਖੋਹ ਕੇ ਚਲੇ ਗਏ।