ਬੀਰੋਕੇ ਖੁਰਦ ਗੋਲੀ ਕਾਂਡ: ਨਾਇਬ ਤਹਿਸੀਲਦਾਰ ਅਦਾਲਤ ਵੱਲੋਂ ਦੋਸ਼ੀ ਕਰਾਰ

ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਖੁਰਦ ਦੇ ਗੋਲੀ ਕਾਂਡ ਵਿਚ ਸ਼ਹੀਦ ਹੋਏ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨਾਲ ਸਬੰਧਤ ਇਕ ਅਹਿਮ ਕੇਸ ਵਿਚ ਹਰਿਆਣਾ ਦੀ ਫਤਿਆਬਾਦ ਸੈਸ਼ਨ ਕੋਰਟ ਵਿਚ ਅੱਜ ਬਾਅਦ ਦੁਪਹਿਰ ਦਿੱਤੇ ਫੈਸਲੇ ਵਿੱਚ ਉਸ ਸਮੇਂ ਦੇ ਨਾਇਬ ਤਹਿਸੀਲਦਾਰ ਸੁਭਾਸ਼ ਸਿੰਘ ਮਿੱਤਲ ਨੂੰ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਨੇ ਹਿਸਾਰ ਜੇਲ੍ਹ ਭੇਜ ਦਿੱਤਾ ਗਿਆ| ਉਸ ਨੂੰ ਸੁਣਾਈ ਜਾਣ ਵਾਲੀ ਸਜ਼ਾ ਭਲਕੇ 22 ਨਵੰਬਰ ਨੂੰ ਜੱਜ ਵੱਲੋਂ ਐਲਾਨੀ ਜਾਵੇਗੀ| ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਬਲਾਕ ਪ੍ਰਧਾਨ ਲਛਮਣ ਸਿੰਘ ਚੱਕ ਅਲੀਸ਼ੇਰ ਅਤੇ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਅੱਜ ਫਤਿਆਬਾਦ ਦੇ ਸੈਸ਼ਨ ਜੱਜ ਰਾਜਿੰਦਰ ਸਿੰਘ ਟਾਂਢਾ ਦੀ ਅਦਾਲਤ ਨੇ ਮੁਦੱਈ ਪੱਖ ਦੇ ਵਕੀਲ ਸੂਬਾ ਸਿੰਘ ਦੰਦੀਵਾਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਸ ਤਹਿਸੀਲਦਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ| ਦਿਲਚਸਪ ਗੱਲ ਹੈ ਕਿ ਕਿਸਾਨ ਯੂਨੀਅਨ ਵੱਲੋਂ ਇਸ ਗੋਲੀ ਕਾਂਡ ਸਬੰਧੀ ਕਾਨੂੰਨੀ ਲੜਾਈ ਦਾ ਵਿੱਢ ਮਾਨਸਾ ਦੀ ਇੱਕ ਅਦਾਲਤ ਤੋਂ ਸ਼ੁਰੂ ਕੀਤਾ ਗਿਆ ਸੀ, ਜਦੋਂ ਕਿ ਬਾਅਦ ਵਿਚ ਆੜ੍ਹਤੀਆਂ ਵੱਲੋਂ ਇਸ ਕੇਸ ਨੂੰ ਫਤਿਆਬਾਦ ਦੀ ਅਦਾਲਤ ਵਿਚ ਇੱਕ ਅਪੀਲ ਰਾਹੀਂ ਲਿਜਾਇਆ ਗਿਆ ਸੀ| ਜ਼ਿਕਰਯੋਗ ਹੈ ਕਿ ਇਹ ਗੋਲੀ ਕਾਂਡ 11 ਅਕਤੂਬਰ 2010 ਨੂੰ ਪਿੰਡ ਬੀਰੋਕੇ ਖੁਰਦ ਵਿਚ ਉਸ ਵੇਲੇ ਵਾਪਰਿਆ ਸੀ, ਜਦੋਂ ਕਿਸਾਨ ਆਗੂ ਭੋਲਾ ਸਿੰਘ ਦੀ ਸਵਾ ਲੱਖ ਰੁਪਏ ਬਦਲੇ ਬੁਢਲਾਡਾ ਦੇ ਇੱਕ ਆੜ੍ਹਤੀਏ ਵੱਲੋਂ 10 ਕਨਾਲਾਂ ਜ਼ਮੀਨ ਦੀ ਕੁਰਕੀ ਕਰਵਾਏ ਜਾਣ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਵਿਚ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਮੌਤ ਹੋ ਗਈ ਸੀ ਅਤੇ ਤਰਸੇਮ ਸਿੰਘ, ਲਛਮਣ ਸਿੰਘ ਜ਼ਖ਼ਮੀ ਹੋ ਗਏ ਸਨ| ਇਸੇ ਦੌਰਾਨ ਗੋਲੀ ਕਾਂਡ ਤੋਂ ਅਗਲੇ ਦਿਨ ਕਿਸਾਨਾਂ ਨੇ ਗੁੱਸੇ ਵਿਚ ਆ ਕੇ ਆੜ੍ਹਤੀਆਂ ਦੀ ਕੁੱਟਮਾਰ ਵੀ ਕੀਤੀ ਅਤੇ ਇਸੇ ਕੁੱਟਮਾਰ ਤਹਿਤ ਕਿਸਾਨ ਅਤੇ ਮਜ਼ਦੂਰ ਆਗੂਆਂ ਉਤੇ ਬੁਢਲਾਡਾ ਪੁਲੀਸ ਸਟੇਸ਼ਨ ਵਿਚ ਇਹ ਮਾਮਲਾ ਦਰਜ ਕੀਤਾ ਗਿਆ ਸੀ| ਇਸ ਤੋਂ ਪਹਿਲਾਂ ਫਤਿਆਬਾਦ ਦੀ ਅਦਾਲਤ ਵੱਲੋਂ 27 ਫਰਵਰੀ 2015 ਨੂੰ ਅਸ਼ਵਨੀ ਕੁਮਾਰ ਦੀ ਅਦਾਲਤ ਵੱਲੋਂ 6 ਆੜ੍ਹਤੀਆਂ ਨੂੰ ਇਸੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦੋਂ ਕਿ ਮਾਨਸਾ ਜ਼ਿਲ੍ਹੇ ਦੇ 13 ਕਿਸਾਨ-ਮਜ਼ਦੂਰ ਆਗੂਆਂ ਨੂੰ ਇਸੇ ਮਾਮਲੇ ਵਿਚ ਫਤਿਆਬਾਦ (ਹਰਿਆਣਾ) ਦੀ ਅਦਾਲਤ ਵੱਲੋਂ ਤਿੰਨ-ਤਿੰਨ ਸਾਲ ਦੀ ਕੈਦ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਐਡੀਸ਼ਨਲ ਸੈਸ਼ਨ ਜੱਜ ਸ਼ਾਲਿਨੀ ਸਿੰਘ ਨਾਗਪਾਲ ਵੱਲੋਂ ਕੀਤਾ ਗਿਆ ਸੀ ਅਤੇ ਉਨ੍ਹਾਂ ਦੀਆਂ ਉਸੇ ਦਿਨ 17 ਸਤੰਬਰ 2015 ਨੂੰ ਜ਼ਮਾਨਤਾਂ ਹੋ ਗਈਆਂ ਸਨ|