ਬੀਕੇਯੂ ਨੇ ਬਾਹਰੋਂ ਆ ਰਹੇ ਜੀਰੀ ਦੇ ਭਰੇ 200 ਤੋਂ ਵੱਧ ਟਰੱਕ ਰੋਕੇ

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ ਨੇ ਐਲਾਨ ਕੀਤਾ ਕਿ ਜੀਰੀ ਦੇ ਭਰੇ ਜੋ ਟਰਾਲੇ ਬਾਹਰਲੇ ਜ਼ਿਲ੍ਹਿਆਂ ਵਿੱਚੋਂ ਸਥਾਨਕ ਸ਼ੈਲਰਾਂ ਵਿੱਚ ਆ ਰਹੇ ਹਨ, ਉਹ ਰਸਤੇ ਵਿੱਚ ਹੀ ਰੋਕੇ ਜਾਣਗੇ ਅਤੇ ਤਪਾ ਦੇ ਸ਼ੈਲਰਾਂ ਵਿੱਚ ਨਹੀਂ ਉਤਰਨ ਦਿੱਤੇ ਜਾਣਗੇ। ਇਸ ’ਤੇ ਕਿਸਾਨਾਂ ਨੇ ਰਾਤ ਵੇਲੇ ਹੀ ਮੋਗਾ-ਮਾਨਸਾ ਰੋਡ ’ਤੇ ਪੈਂਦੇ ਪਿੰਡ ਢਿੱਲਵਾਂ ਵਿੱਚ ਧਰਨਾ ਲਾ ਲਿਆ ਤੇ ਤਰਨਤਾਰਨ, ਮੋਗਾ, ਫ਼ਿਰੋਜ਼ਪੁਰ ਅਤੇ ਮੱਖੂ ਵਿੱਚੋਂ ਆਏ ਜੀਰੀ ਦੇ ਲੱਦੇ ਟਰਾਲੇ ਰੋਕਣੇ ਸ਼ੁਰੂ ਕਰ ਦਿੱਤੇ। ਦਿਨ ਚੜ੍ਹਨ ਤੱਕ ਜੀਰੀ ਦੇ 200 ਤੋਂ ਵੱਧ ਟਰਾਲੇ ਸੜਕ ’ਤੇ ਖੜ੍ਹੇ ਸਨ, ਜਿਸ ਕਾਰਨ ਆਵਾਜਾਈ ਵੀ ਰੁਕ ਗਈ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਵੈਰੀ ਬਣ ਚੁੱਕੀ ਹੈ। ਮੰਡੀਆਂ ਵਿੱਚ ਕਿਸਾਨਾਂ ਦੀ ਦੁਰਦਸ਼ਾ ਹੋ ਰਹੀ ਹੈ। ਇੰਸਪੈਕਟਰ ਖਰੀਦ ਕੇਂਦਰਾਂ ਦੀ ਜੀਰੀ ਨਹੀਂਂ ਖ਼ਰੀਦ ਰਹੇ ਤੇ ਜੋ ਜੀਰੀ ਖ਼ਰੀਦੀ ਗਈ ਹੈ, ਸ਼ੈਲਰ ਮਾਲਕ ਉਸ ਦੇ ਭਰੇ ਟਰੱਕ ਜ਼ਿਆਦਾ ਨਮੀ ਦਾ ਬਹਾਨਾ ਬਣਾ ਕੇ ਮੋੜ ਰਹੇ ਹਨ। ਇਸੇ ਦੌਰਾਨ ਸੜਕ ਦੇ ਦੋਵੇਂ ਪਾਸੇ ਜਾਮ ਲੱਗ ਜਾਣ ਕਾਰਨ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਬਾਅਦ ਵਿੱਚ ਡੀਐੱਫਐੱਸਓ ਹਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਤੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਬਾਹਰਲੇ ਜ਼ਿਲ੍ਹਿਆਂ ਵਿੱਚੋਂ ਜੀਰੀ ਨਹੀਂ ਮੰਗਵਾਈ ਜਾਵੇਗੀ ਤੇ ਸਥਾਨਕ ਮੰਡੀਆਂ ਦੀ ਜੀਰੀ ਦੀ ਬੋਲੀ ਜਲਦੀ ਲਗਵਾ ਕੇ ਚੁਕਾਈ ਕਰਵਾ ਦਿੱਤੀ ਜਾਵੇਗੀ। ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਰੂਪ ਸਿੰਘ ਢਿੱਲਵਾਂ ਜ਼ਿਲ੍ਹਾ ਪ੍ਰਧਾਨ ਸਿੱਧੂਪੁਰ ਨੇ ਦੱਸਿਆ ਕਿ ਸ਼ੈਲਰ ਮਾਲਕਾਂ ਨਾਲ ਕਿਸਾਨਾਂ ਦਾ ਸਮਝੌਤਾ ਕਰਵਾ ਦਿੱਤਾ ਗਿਆ ਹੈ। 30 ਅਕਤੂਬਰ ਤੋਂ ਬਾਅਦ ਜੀਰੀ ਦਾ ਭਰਿਲਾ ਕੋਈ ਵੀ ਟਰੱਕ ਬਾਹਰੋਂ ਭਰ ਕੇ ਨਹੀਂ ਆਉਣ ਦਿੱਤਾ ਜਾਵੇਗਾ। ਇਹ ਵੀ ਫ਼ੈਸਲਾ ਹੋਇਆ ਹੈ ਕਿ ਸ਼ੈਲਰ ਮਾਲਕ 18.90 ਫ਼ੀਸਦੀ ਤੱਕ ਨਮੀ ਵਾਲੀ ਜੀਰੀ ਦੀ ਲੁਹਾਉਣ ਦੇ ਪਾਬੰਦ ਹੋਣਗੇ। ਇਸ ਪਿੱਛੋਂ ਦੁਪਹਿਰ ਵੇਲੇ ਧਰਨਾ ਚੁੱਕ ਦਿੱਤਾ ਗਿਆ। ਇਸ ਮੌਕੇ ਐੱਸਐੱਚਓ ਤਪਾ ਗੁਰਪ੍ਰਤਾਪ ਸਿੰਘ, ਯੂਨੀਅਨ ਦੇ ਬਲੌਰ ਸਿੰਘ, ਬਿੱਕਰ ਸਿੰਘ, ਜਗਰੂਪ ਸਿੰਘ, ਰੂਪ ਸਿੰਘ, ਬੂਟਾ ਸਿੰਘ, ਧਰਮ ਸਿੰਘ, ਦੇਵ ਸਿੰਘ ਤੇ ਬਾਬੂ ਸਿੰਘ ਹਾਜ਼ਰ ਸਨ।