ਬਿੱਟੂ ਨੇ ਬੈਂਸ ਦੇ ਹਲਕੇ ਵਿੱਚ ਸ਼ੁਰੂ ਕਰਾਏ ਸੜਕਾਂ ਦੇ ਉਸਾਰੀ ਕਾਰਜ

ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕ ਬੈਂਸ ਭਰਾਵਾਂ ਦੇ ਹਲਕਿਆਂ ਵਿੱਚ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੀ ਚਹਿਲ ਕਦਮੀ ਵਧਾ ਦਿੱਤੀ ਹੈ। ਇਸ ਤਹਿਤ ਅੱਜ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੇਅਰ ਬਲਕਾਰ ਸਿੰਘ ਸੰਧੂ ਦੀ ਹਾਜ਼ਰੀ ਵਿੱਚ ਸਥਾਨਕ ਡਾਬਾ-ਗਿਆਸਪੁਰਾ ਸੜਕ ਦੀ ਉਸਾਰੀ ਕਾਰਜ ਦੀ ਸ਼ੁਰੂਆਤ ਕੀਤੀ। ਕਰੀਬ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦਾ ਕੰਮ ਅਗਲੇ 6 ਮਹੀਨੇ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ। ਇਸ ਸੜਕ ਦੀ ਲੰਬਾਈ 1.5 ਕਿਲੋਮੀਟਰ ਹੈ। ਦੱਸਣਯੋਗ ਹੈ ਕਿ ਇਹ ਇਲਾਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਹਲਕੇ ਦੱਖਣੀ ਵਿੱਚ ਆਉਂਦਾ ਹੈ, ਜਿੱਥੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸੀਆਂ ਨੇ ਆਪਣੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ।
ਉਦਘਾਟਨ ਮੌਕੇ ਜਾਣਕਾਰੀ ਦਿੰਦਿਆਂ ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਕਿ ਇਹ ਸੜਕ 10 ਸਾਲ ਪਹਿਲਾਂ ਬਣੀ ਸੀ, ਜਿਸ ਦੀ ਮੁੜ ਕੇ ਪਿਛਲੀ ਸਰਕਾਰ ਨੇ ਸਾਰ ਨਹੀਂ ਲਈ। ਇਹ ਖੇਤਰ ਨੀਵਾਂ ਹੋਣ ਕਾਰਨ ਮੀਂਹ ਦੇ ਸੀਜ਼ਨ ਵਿੱਚ ਇਥੇ ਥਾਂ-ਥਾਂ ਪਾਣੀ ਖੜ੍ਹਾ ਹੋ ਜਾਂਦਾ ਹੈ। ਹੁਣ ਨਗਰ ਨਿਗਮ ਲੁਧਿਆਣਾ ਵੱਲੋਂ ਇਥੇ ਕੰਕਰੀਟ ਦੀ ਪੱਕੀ ਸੜਕ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਸਥਾਨਕ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਮੈਂਬਰ ਬਿੱਟੂ ਨੇ ਭਰੋਸਾ ਦਿੱਤਾ ਕਿ ਇਸ ਖੇਤਰ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਅਗਲੇ ਕੁਝ ਸਮੇਂ ਵਿੱਚ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਵੀ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਦੌਰਾਨ ਸ਼ਹਿਰ ਵਿੱਚ ਕਰੋੜਾਂ ਦੀ ਲਾਗਤ ਵਾਲੇ ਕਈ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਮੇਅਰ ਸਰਬਜੀਤ ਕੌਰ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਲੋਕ ਸਭਾ ਮੈਂਬਰ ਦੇ ਰਾਜਸੀ ਸਕੱਤਰ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਗੋਗੀ ਆਦਿ ਮੌਜੂਦ ਸਨ।