
ਨਵੀਂ ਦਿੱਲੀ- ਇੱਥੋਂ ਦੇ ਪੰਜ ਤਾਰਾ ਹੋਟਲ ਵਿਚ ਪਿਸਤੌਲ ਲਹਿਰਾਉਣ ਵਾਲੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਐਮਪੀ ਦੇ ਪੁੱਤਰ ਅਸ਼ੀਸ਼ ਪਾਂਡੇ ਨੇ ਅੱਜ ਇੱਥੋਂ ਦੀ ਇਕ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ ਜਿੱਥੋਂ ਉਸ ਨੂੰ ਇਕ ਰੋਜ਼ਾ ਪੁਲੀਸ ਰਿਮਾਂਡ ਤਹਿਤ ਭੇਜ ਦਿੱਤਾ ਗਿਆ ਹੈ।
ਅਸ਼ੀਸ਼ ਜੋ ਦਿੱਲੀ ਤੇ ਉੱਤਰ ਪ੍ਰਦੇਸ਼ ਪੁਲੀਸ ਦੀ ਸਾਂਝੀ ਕਾਰਵਾਈ ਤੋਂ ਬਚਣ ਦਾ ਕੋਸ਼ਿਸ਼ ਕਰਦਾ ਆ ਰਿਹਾ ਸੀ, ਅੱਜ ਇੱਥੇ ਪਟਿਆਲਾ ਭਵਨ ਅਦਾਲਤੀ ਕੰਪਲੈਕਸ ਵਿਚ ਨਜ਼ਰ ਆਇਆ ਤੇ ਉਸ ਨੇ ਆਤਮ ਸਮਰਪਣ ਕਰਨ ਲਈ ਮੈਟਰੋਪੋਲਿਟਨ ਮੈਜਿਸਟ੍ਰੇਟ ਨੀਤੂ ਸ਼ਰਮਾ ਦੀ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ। ਮੁਲਜ਼ਮ ਨੇ ਦੋਸ਼ ਲਾਇਆ ਕਿ ਉਸ ਨੂੰ ਫਸਾਇਆ ਗਿਆ ਤੇ ਮੀਡੀਆ ਟ੍ਰਾਇਲ ਕੀਤਾ ਜਾ ਰਿਹਾ ਹੈ।
ਅਸ਼ੀਸ਼ ਪਾਂਡੇ ਨੇ ਪੁਲੀਸ ਨੂੰ ਦੱਸਿਆ ਕਿ ਹੋਟਲ ਵਿਚ ਗੌਰਵ ਕੰਵਰ ਦੇ ਨਾਲ ਆਈ ਇਕ ਔਰਤ ਨੇ ਉਸ ਨੂੰ ਵਿਚਕਾਰਲੀ ਉਂਗਲ ਦਿਖਾ ਕੇ ਉਕਸਾਇਆ ਜਿਸ ਕਰ ਕੇ ਉਹ ਆਪਣੀ ਕਾਰ ’ਚੋਂ ਪਿਸਤੌਲ ਕੱਢ ਲਿਆਇਆ ਸੀ। ਉਸ ਨੇ ਕਿਹਾ ਕਿ ਗੌਰਵ ਲੇਡੀਜ਼ ਵਾਸ਼ਰੂਮ ਵਿਚ ਵੜਿਆ ਹੋਇਆ ਸੀ ਜਿਸ ’ਤੇ ਇਤਰਾਜ਼ ਕਰਨ ਤੋਂ ਝਗੜਾ ਸ਼ੁਰੂ ਹੋਇਆ ਸੀ। ਪੁਲੀਸ ਨੇ ਉਸ ਦੇ ਚਾਰ ਦਿਨਾ ਪੁਲੀਸ ਰਿਮਾਂਡ ਦੀ ਮੰਗ ਕੀਤੀ ਤਾਂ ਕਿ ਉਸ ਤੋਂ ਪੁੱਛ ਪੜਤਾਲ ਕਰ ਕੇ ਸਾਰੀ ਸਚਾਈ ਦਾ ਪਤਾ ਲਾਇਆ ਜਾ ਸਕੇ ਤੇ ਹਥਿਆਰ ਦੀ ਬਰਾਮਦਗੀ ਲਈ ਉਸ ਨੂੰ ਲਖਨਊ ਲਿਜਾਇਆ ਜਾ ਸਕੇ ਪਰ ਅਦਾਲਤ ਨੇ ਦਿੱਲੀ ਪੁਲੀਸ ਨੂੰ ਉਸ ਤੋਂ ਪੁੱਛ ਪੜਤਾਲ ਲਈ ਇਕ ਦਿਨ ਦਾ ਹੀ ਰਿਮਾਂਡ ਦਿੱਤਾ।