ਬਰਗਾੜੀ ਮੋਰਚੇ ’ਚ ਜਾ ਰਹੀ ਬੱਸ ਹਾਦਸਾਗ੍ਰਸਤ, 27 ਜ਼ਖ਼ਮੀ

ਬਰਗਾੜੀ ਵਿਚ ਸਿੱਖ ਸੰਘਰਸ਼ ਮੋਰਚੇ ਵਿਚ ਸ਼ਾਮਲ ਹੋਣ ਲਈ ਪਿੰਡ ਕੁਲਰੀਆਂ ਤੋਂ ਜਾ ਰਹੀ ਸੰਗਤ ਵਾਲੀ ਪ੍ਰਾਈਵੇਟ ਸਕੂਲ ਬੱਸ ਅੱਜ ਸਵੇਰ ਮੌੜ ਕਲਾਂ ਤੇ ਪਿੰਡ ਘੁੰਮਣ ਕਲਾਂ ਵਿਚਕਾਰ ਬਠਿੰਡਾ-ਮਾਨਸਾ ਰੋਡ ’ਤੇ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ। ਦਰੱਖ਼ਤ ਨਾਲ ਟਕਰਾਉਣ ਕਾਰਨ ਮਿਨੀ ਬੱਸ ਵਿਚ ਸਵਾਰ ਸਾਰੇ 27 ਵਿਅਕਤੀ, ਜਿਨ੍ਹਾਂ ਵਿਚ ਕੁਝ ਔਰਤਾਂ ਵੀ ਸ਼ਾਮਲ ਸਨ, ਜ਼ਖ਼ਮੀ ਹੋ ਗਏ। ਹਾਦਸੇ ਵਾਲੀ ਜਗ੍ਹਾ ’ਤੇ ਇਕੱਤਰ ਲੋਕਾਂ ਨੇ ਦੱਸਿਆ ਕਿ ਪਿੰਡ ਕੁਲਰੀਆਂ (ਮਾਨਸਾ) ਤੋਂ ਇਕ ਮਿਨੀ ਬੱਸ ਨੰਬਰ ਪੀ.ਬੀ 1ਬੀ ਆਰ 8368 ਬਰਗਾੜੀ ਵਿਚ ਚੱਲ ਰਹੇ ਮੋਰਚੇ ਵਿਚ ਸ਼ਾਮਲ ਹੋਣ ਲਈ ਜਾ ਰਹੀ ਸੀ ਤਾਂ ਪਿੰਡ ਘੁੰਮਣ ਕਲਾਂ ਅਤੇ ਮੌੜ ਕਲਾਂ ਵਿਚਕਾਰ ਇਹ ਬੱਸ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੀ ਕਿੱਕਰ ਨਾਲ ਟਕਰਾ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਘੁੰਮਣ ਕਲਾਂ ਤੇ ਮੌੜ ਕਲਾਂ ਦੇ ਲੋਕਾਂ ਤੋਂ ਇਲਾਵਾ ਸਹਾਰਾ ਕਲੱਬ, ਕੈਮਿਸਟ ਐਸੋਸੀਏਸ਼ਨ, ਦਸਮੇਸ਼ ਕਲੱਬ ਤੇ ਹੋਰ ਸਮਾਜਿਕ ਸੰਸਥਾਵਾਂ ਦੇ ਵਰਕਰ ਮੌਕੇ ’ਤੇ ਪੁੱਜੇ ਤੇ ਜ਼ਖ਼ਮੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ। ਮੌੜ ਪੁਲੀਸ ਮੁਖੀ ਦਲਵੀਰ ਸਿੰਘ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਘੁੰਮਣ ਕਲਾਂ ਵਿਚ ਹੀ ਗੁਰੂ ਘਰ ਵਿਚ ਪਾਠ ਦੇ ਭੋਗ ਮੌਕੇ ਹਾਜ਼ਰੀ ਲਵਾਉਣ ਆਏ ਸਨ। ਜਦੋਂ ਘਟਨਾ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਕਈ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ਜ਼ਖ਼ਮੀਆਂ ਵਿਚੋਂ ਕੁਝ ਨੂੰ ਸਿਵਲ ਹਸਪਤਾਲ ਬਠਿੰਡਾ, ਸਿਵਲ ਹਸਪਤਾਲ ਮਾਨਸਾ ਤੇ ਸਿਵਲ ਹਸਪਤਾਲ ਮੌੜ ਮੰਡੀ ਵਿਚ ਭਰਤੀ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਮੌੜ ਵਿਚ ਦਾਖ਼ਲ ਜ਼ਖ਼ਮੀਆਂ ਵਿਚ ਸੁਖਦੇਵ ਸਿੰਘ ਪੁੱਤਰ ਲੀਲਾ ਸਿੰਘ, ਗੁਰਤੇਜ ਸਿੰਘ, ਬਲਵੀਰ ਸਿੰਘ, ਜਸਵਿੰਦਰ ਕੌਰ ਪਤਨੀ ਗੁਰਮੀਤ ਸਿੰਘ, ਰਮੇਸ਼ ਸਿੰਘ ਵਾਸੀ ਮੰਡੇਰ, ਗੁਰਨਾਮ ਸਿੰਘ, ਗੁਰਲਾਲ ਸਿੰਘ, ਬਿੰਦਰ ਸਿੰਘ, ਜੁਗਿੰਦਰ ਸਿੰਘ, ਮਹਿੰਦਰ ਸਿੰਘ, ਰਾਜਵੀਰ ਕੌਰ ਤੇ ਰਾਜ ਕੌਰ ਆਦਿ ਸਨ, ਜਿਨ੍ਹਾਂ ਨੂੰ ਬਾਅਦ ਵਿਚ ਸਿਵਲ ਹਸਪਤਾਲ, ਬਠਿੰਡਾ ਭੇਜ ਦਿੱਤਾ ਗਿਆ।