ਬਦਨੌਰ ਨੇ ਸਪੋਰਟਸ ਕੰਪਲੈਕਸ ਵਿੱਚ ਸਹੂਲਤਾਂ ਦਾ ਲਿਆ ਜਾਇਜ਼ਾ

ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅੱਜ ਸੈਕਟਰ-42 ਸਥਿਤ ਸਪੋਰਟਸ ਕੰਪਲੈਕਸ ਦਾ ਦੌਰਾ ਕਰ ਕੇ ਉੱਥੇ ਮੌਜੂਦ ਖੇਡ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਕਈ ਨਵੇਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸਲਾਹਕਾਰ ਪਰਿਮਲ ਰਾਏ, ਖੇਡ ਸਕੱਤਰ ਜਤਿੰਦਰ ਯਾਦਵ, ਡਾਇਰੈਕਟਰ ਸਪੋਰਟਸ ਤੇਜਦੀਪ ਸਿੰਘ ਸੈਣੀ, ਜੁਆਇੰਟ ਡਾਇਰੈਕਟਰ ਸਪੋਰਟਸ ਰਵਿੰਦਰ ਸਿੰਘ, ਰਾਸ਼ਟਰੀ ਖੇਡ ਅਥਾਰਟੀ ਉੱਤਰੀ ਖੇਤਰ ਦੇ ਡਾਇਰੈਕਟਰ ਲਲਿਤਾ ਸ਼ਰਮਾ ਅਤੇ ਮੁੱਖ ਇੰਜਨੀਅਰ ਮੁਕੇਸ਼ ਆਨੰਦ ਵੀ ਮੌਜੂਦ ਸਨ।
ਖੇਡ ਕੰਪਲੈਕਸ ਵਿੱਚ ਸ੍ਰੀ ਬਦਨੌਰ ਨੇ ਫੁਟਬਾਲ ਗਰਾਊਂਡ, ਵਾਲੀਬਾਲ ਗਰਾਊਂਡ, ਹਾਕੀ ਸਟੇਡੀਅਮ, ਲਾਅਨ ਟੈਨਿਸ ਕੋਰਟ, ਖੋ-ਖੋ, ਕਬੱਡੀ ਗਰਾਊਂਡ, ਇਨਡੋਰ ਬਾਸਕਟਬਾਲ ਹਾਲ, ਬੈਡਮਿੰਟਨ ਹਾਲ, ਬਾਕਸਿੰਗ ਹਾਲ, ਵੇਟਲਿਫਟਿੰਗ ਹਾਲ ਅਤੇ ਫੁਟਬਾਲ, ਹਾਕੀ ਅਤੇ ਕ੍ਰਿਕਟ ਦੇ ਹੋਸਟਲਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਟੈਨਿਸ ਅਤੇ ਬਾਸਕਟਬਾਲ ਵੀ ਖੇਡੀ ਅਤੇ ਮੁੱਕੇਬਾਜ਼ੀ ’ਚ ਵੀ ਹੱਥ ਅਜਮਾਏ। ਪ੍ਰਸ਼ਾਸਨ ਨੇ ਖੇਡ ਸੁਵਿਧਾਵਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਹੋਰ ਸੁਧਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਦੌਰਾਨ ਉਨ੍ਹਾਂ ਖੇਡ ਕੰਪਲੈਕਸ ਦੇ ‘ਟੈਨਿਸ ਕੋਰਟ ਵਿੱਚ ਫਲੱਡ ਲਾਈਟਾਂ ਲਗਾਉਣ ਅਤੇ ਟੈਨਿਸ ਕਲੇਅ ਕੋਰਟ ਦੀ ਮੁੜ ਉਸਾਰੀ ਕਰਨ, ਇਨਡੋਰ ਬਾਸਕਟਬਾਲ ਗਰਾਊਂਡ ਨੂੰ ਏਅਰ ਕੰਡੀਸ਼ਨਡ ਕਰਨ ਅਤੇ ਦੋ ਆਊਟ ਡੋਰ ਗਰਾਊਂਡਾਂ ਦੀ ਉਸਾਰੀ ਕਰਨ, ਫੁਟਬਾਲ ਗਰਾਊਂਡ ਦੇ ਪਵੇਲੀਅਨ ਦੀ ਉਸਾਰੀ ਕਰਨ, ਸਿਕਸ ਏ ਸਾਈਡ ਹਾਕੀ ਗਰਾਊਂਡ ਵਿੱਚ ਨਵੀਂ ਐਸਟਰੋਟਰੱਫ ਵਿਛਾਉਣੀ, ਟੈਨਿਸ ਅਤੇ ਹੈਂਡਬਾਲ ਗਰਾਊਂਡ ਵਿੱਚ ਜਾਣ ਲਈ ਸੜਕ ਦਾ ਨਿਰਮਾਣ ਕਰ, ਟੈਨਿਸ ਤੇ ਖੋ-ਖੋ ਦੇ ਗਰਾਊਂਡ ਲਈ ਚੇਂਜ ਰੂਮ, ਸਟੋਰ ਅਤੇ ਬਾਥਰੂਮ ਦੀ ਉਸਾਰੀ ਕਰਨ ਆਦਿ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਸਪੋਰਟਸ ਕੰਪਲੈਕਸ ਦੇ ਚੱਲ ਰਹੇ ਪ੍ਰਾਜੈਕਟਾਂ ਹਾਕੀ ਗਰਾਊਂਡ, ਗਰਮੀਆਂ ਤੇ ਸਰਦੀਆਂ ਲਈ ਬਣਾਏ ਜਾ ਰਹੇ 50 ਮੀਟਰ ਦੇ ਸਵੀਮਿੰਗ ਪੂਲ ਅਤੇ ਬਹੁ-ਮੰਜ਼ਿਲਾ ਖੇਡ ਹਾਲ ਦਾ ਕੰਮ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।