ਬਜ਼ੁਰਗ ਜੋੜੇ ਦੀ ਕੁੱਟਮਾਰ ਕਰ ਕੇ ਗਹਿਣੇ ਤੇ ਨਕਦੀ ਲੁੱਟੀ

ਪਿੰਡ ਮੈਰਾ ਵਿੱਚ ਲੁਟੇਰੇ ਇਕ ਘਰ ਵਿੱਚ ਦਾਖਲ ਹੋ ਕੇ ਬਜ਼ੁਰਗ ਪਤੀ-ਪਤਨੀ ਦੀ ਕੁੱਟਮਾਰ ਕਰਨ ਬਾਅਦ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਘਰ ਦੇ ਮਾਲਕ ਐਡਵੋਕੇਟ ਸੰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਪਤਨੀ ਨਾਲ ਗੁਰਦਾਸਪੁਰ ’ਚ ਇਕ ਵਿਆਹ ਸਮਾਗਮ ਵਿੱਚ ਗਿਆ ਸੀ। ਉਸ ਦੇ ਬਜ਼ੁਰਗ ਮਾਪੇ ਘਰ ਵਿੱਚ ਹੀ ਸਨ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦਰਸ਼ਨ ਸਿੰਘ ਨੇ ਉਸ ਨੂੰ ਸੂਚਨਾ ਦਿੱਤੀ ਕਿ ਬੀਤੀ ਰਾਤ ਘਰ ਵਿੱਚ ਲੁਟੇਰੇ ਵੜ ਆਏ ਜਿਨ੍ਹਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਘਰੋਂ ਲਗਪਗ 25 ਤੋਲੇ ਸੋਨੇ ਦੇ ਗਹਿਣੇ ਅਤੇ 55 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਸੰਦੀਪ ਦੇ ਪਿਤਾ ਦਰਸ਼ਨ ਨੇ ਪੁਲੀਸ ਨੂੰ ਦੱਸਿਆ ਕਿ ਰਾਤ ਨੂੰ ਲਗਪਗ 2 ਵਜੇ ਦੇ ਕਰੀਬ 5 ਵਿਅਕਤੀ ਘਰ ਵਿੱਚ ਦਾਖ਼ਲ ਹੋਏ ਜਿਨ੍ਹਾਂ ਨੇ ਮੂੰਹ ਅਤੇ ਸਿਰ ਢਕਿਆ ਹੋਇਆ ਸੀ। ਉਨ੍ਹਾਂ ਨੇ ਦਾਖ਼ਲ ਹੁੰਦੇ ਸਾਰ ਹੀ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਘਰ ਦੀ ਫਰੋਲਾ ਫਰਾਲੀ ਸ਼ੁਰੂ ਕਰ ਦਿੱਤੀ ਤੇ ਮਗਰੋਂ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਭਤੀਜੇ ਸੁਰਿੰਦਰ ਸਿੰਘ ਨੂੰ ਫੋਨ ’ਤੇ ਇਸ ਦੀ ਸੂਚਨਾ ਦਿੱਤੀ, ਜਿਨ੍ਹਾਂ ਨੇ ਉਸ ਦੇ ਦੋਵੇਂ ਪੁੱਤਰਾਂ ਅਤੇ ਪੁਲੀਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ. (ਡੀ.) ਧਰਮਵੀਰ ਸਿੰਘ, ਡੀ.ਐਸ.ਪੀ. ਧਾਰਕਲਾਂ ਕੁਲਦੀਪ ਸਿੰਘ, ਡੀ.ਐਸ.ਪੀ. ਆਸ਼ਵੰਤ, ਸਬ ਇੰਸਪੈਕਟਰ ਇਕਬਾਲ ਸਿੰਘ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਡਾਗ ਸਕੁਐਡ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਸੱਦ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।