ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਵਿਚ ਕੇ9 ਵਜਰਾ ਸਵੈ-ਚਾਲਿਤ ਹੌਵਿੱਟਜ਼ਰ ਤੋਪਾਂ ਦੀ ਪਹਿਲੀ ਪ੍ਰਾਈਵੇਟ ਨਿਰਮਾਣ ਯੂਨਿਟ ਦਾ ਉਦਘਾਟਨ ਕੀਤਾ। ਲਾਰਸਨ ਤੇ ਟੂਬਰੋ ਦੀ ਮਾਲਕੀ ਵਾਲੇ ਇਸ ਨਿਰਮਾਣ ਕੰਪਲੈਕਸ ਦਾ ਠੇਕਾ ਕੰਪਨੀ ਨੇ 2017 ਵਿਚ 4,500 ਕਰੋੜ ਰੁਪਏ ਵਿਚ ਹਾਸਲ ਕੀਤਾ ਸੀ। ਇੱਥੋਂ 100 ਅਜਿਹੀਆਂ ਤੋਪਾਂ ਭਾਰਤੀ ਫ਼ੌਜ ਨੂੰ ਸਪਲਾਈ ਕੀਤੀਆਂ ਜਾਣਗੀਆਂ। ਕੰਪਲੈਕਸ ਦਾ ਨਿਰੀਖ਼ਣ ਕਰਦਿਆਂ ਪ੍ਰਧਾਨ ਮੰਤਰੀ ਨੇ ਇਕ ਟੈਂਕ ਦੀ ਸਵਾਰੀ ਵੀ ਕੀਤੀ। ਉਨ੍ਹਾਂ ਟੈਂਕ ਵਿਚ ਸਵਾਰੀ ਦੀ ਇਕ ਵੀਡੀਓ ਵੀ ਟਵਿੱਟਰ ’ਤੇ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਅੱਜ ਮੁੰਬਈ ਵਿਚ ਭਾਰਤੀ ਸਿਨੇਮਾ ਬਾਰੇ ਕੌਮੀ ਅਜਾਇਬਘਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਫ਼ਿਲਮਾਂ ਤੇ ਸਮਾਜ ਇਕ ਦੂਜੇ ਦੇ ਪਰਛਾਵੇਂ ਵਾਂਗ ਹਨ। ਉਨ੍ਹਾਂ ਕਿਹਾ ਕਿ ਸਿਨੇਮਾ ਵਾਂਗ ਭਾਰਤ ਵੀ ਸਮੇਂ ਨਾਲ ਬਦਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਬਦਲ ਰਿਹਾ ਹੈ ਤੇ ਆਪਣੀਆਂ ਮੁਸ਼ਕਲਾਂ ਦੇ ਹੱਲ ਖ਼ੁਦ ਲੱਭ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਲੱਖਾਂ ਮੁਸ਼ਕਲਾਂ ਹਨ ਤਾਂ ਕਰੋੜਾਂ ਹੱਲ ਵੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫ਼ਿਲਮਾਂ ਭਾਰਤ ਦੀ ‘ਨਰਮ ਤਾਕਤ’ ਹਨ ਤੇ ਭਾਰਤੀ ਸਿਨੇਮਾ ਵਿਦੇਸ਼ਾਂ ਵਿਚ ਐਨਾ ਮਕਬੂਲ ਹੈ ਕਿ ਵਿਦੇਸ਼ੀ ਦੌਰੇ ਮੌਕੇ ਆਗੂਆਂ ਨੇ ਇਨ੍ਹਾਂ ਦਾ ਪ੍ਰਭਾਵ ਉਨ੍ਹਾਂ ਕੋਲ ਕਬੂਲਿਆ ਹੈ। ਉਨ੍ਹਾਂ ਕਿਹਾ ਕਿ ‘ਪਾਇਰੇਸੀ’ ਨੂੰ ਨੱਥ ਪਾਉਣ ਲਈ ਕੇਂਦਰ ਸਰਕਾਰ ਗੰਭੀਰ ਹੈ ਤੇ ਫ਼ਿਲਮਾਂਕਣ ਦੀ ਇਜਾਜ਼ਤ ਦੇਣ ਲਈ ਇਕ ਸੌਖਾ ਪਲੇਟਫਾਰਮ ਜਲਦੀ ਹੀ ਲਾਗੂ ਕੀਤਾ ਜਾਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿਚ ਨੇੜ ਭਵਿੱਖ ’ਚ ਆਲਮੀ ਫ਼ਿਲਮ ਸੰਮੇਲਨ ਕਰਵਾਇਆ ਜਾ ਸਕਦਾ ਹੈ। ਚੈੱਕ ਗਣਰਾਜ ਦੀ ਪ੍ਰਧਾਨ ਮੰਤਰੀ ਆਂਦਰੇਜ ਬਾਬੀਸ ਨੇ ‘ਮੇਕ ਇਨ ਇੰਡੀਆ’ ਉੱਦਮ ਨੂੰ ਭਾਰਤ ਸਰਕਾਰ ਦੀ ‘ਚੰਗੀ ਰਣਨੀਤੀ’ ਕਰਾਰ ਦਿੰਦਿਆਂ ਇਸ ਦੀ ਸ਼ਲਾਘਾ ਕੀਤੀ ਹੈ। ਇਕ ਯੂਨੀਵਰਸਿਟੀ ’ਚ ਯੂਰੋਪੀ ਮਾਮਲਿਆਂ ਬਾਰੇ ਕੇਂਦਰ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਸਹਿਯੋਗ ਲਈ ਉਪਰਾਲੇ ਕਰਨਗੇ।
INDIA ਫ਼ਿਲਮਾਂ ਅਤੇ ਸਮਾਜ ਇਕ ਦੂਜੇ ਦੇ ਪਰਛਾਵੇਂ ਵਾਂਗ: ਮੋਦੀ