ਪੰਥਕ ਜਥੇਬੰਦੀਆਂ ਦਾ ਬਰਗਾੜੀ ’ਚ ਇਕੱਠ ਅੱਜ

ਫ਼ਰੀਦਕੋਟ ਜ਼ਿਲ੍ਹੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਤਿੰਨ ਸਾਲ ਪੂਰੇ ਹੋਣ ’ਤੇ ਪੰਥਕ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਭਲਕੇ (ਐਤਵਾਰ ਨੂੰ) ਬਰਗਾੜੀ ਦੀ ਅਨਾਜ ਮੰਡੀ ਵਿਚ ਇਨਸਾਫ਼ ਮੋਰਚੇ ਵਾਲੀ ਥਾਂ ’ਤੇ ਸੂਬਾ ਪੱਧਰੀ ਇੱਕਠ ਕੀਤਾ ਜਾਵੇਗਾ। ਭਲਕੇ ਹੀ ਭਾਈ ਪੰਥ ਪ੍ਰੀਤ ਸਿੰਘ ਤੇ ਰਜਿੰਦਰ ਮਾਂਝੀ ‘ਲਾਹਨਤ ਦਿਵਸ’ ਮਨਾਉਣਗੇ, ਉਹ ਬਰਗਾੜੀ ਇਕੱਠ ਵਿਚ ਸ਼ਾਮਲ ਨਹੀਂ ਹੋ ਰਹੇ। ਪੁਲੀਸ ਤੇ ਪ੍ਰਸ਼ਾਸਨ ਨੇ ਇਨਸਾਫ਼ ਮੋਰਚੇ ਦੇ ਇਕੱਠ ਨੂੰ ਦੇਖਦਿਆਂ ਜ਼ਿਲ੍ਹੇ ਵਿਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਹਨ ਤੇ ਬਠਿੰਡਾ ਤੋਂ ਪੁਲੀਸ ਬਲ ਸੱਦੇ ਹਨ। ਸਰਕਾਰੀ ਅਨੁਮਾਨ ਅਨੁਸਾਰ ਬਰਗਾੜੀ ਵਿਚ 15 ਹਜ਼ਾਰ ਦਾ ਇਕੱਠ ਹੋਣ ਦੀ ਸੰਭਾਵਨਾ ਹੈ, ਜਦੋਂਕਿ ਪੰਥਕ ਧਿਰਾਂ ਅਤੇ ‘ਆਪ’ ਆਗੂਆਂ ਨੇ ਸੰਗਤ ਦੀ ਗਿਣਤੀ 50 ਹਜ਼ਾਰ ਤੱਕ ਦੱਸੀ ਹੈ। ਇਸ ਦੌਰਾਨ ਭਾਈ ਪੰਥ ਪ੍ਰੀਤ ਸਿੰਘ ਤੇ ਰਜਿੰਦਰ ਮਾਂਝੀ ਗੋਲੀ ਕਾਂਡ ਵਾਲੀ ਥਾਂ ਪੰਜ ਬਾਣੀਆਂ ਦਾ ਪਾਠ ਕਰਨ ਤੋਂ ਬਾਅਦ ਪਿੰਡ ਸੰਧਵਾਂ ਵਿਚ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਨੂੰ ਲਾਹਨਤ ਪੱਤਰ ਦੇਣਗੇ। ਉਧਰ, ਬਰਗਾੜੀ ਵਿਚ ਸਿੱਖ ਸੰਗਤ ਤੋਂ ਇਲਾਵਾ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ‘ਆਪ’ ਦੇ ਹੋਰ ਵਿਧਾਇਕਾਂ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਤੇ ਸਿਮਰਜੀਤ ਸਿੰਘ ਬੈਂਸ ਸ਼ਾਮਲ ਹੋਣਗੇ। ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਨੇ ਪੜਤਾਲ ਵਿੱਢ ਦਿੱਤੀ ਹੈ ਤੇ ਟੀਮ ਨੇ ਫ਼ਰੀਦਕੋਟ ਦੀ ਪੁਲੀਸ ਲਾਈਨ ਵਿਚ ਆਪਣਾ ਕੈਂਪ ਦਫ਼ਤਰ ਬਣਾ ਲਿਆ ਹੈ। ਫ਼ਰੀਦਕੋਟ ਦੇ ਐੱਸਐੱਸਪੀ ਰਾਜ ਬਚਨ ਸਿੰਘ ਨੇ ਕਿਹਾ ਕਿ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਫ਼ਰੀਦਕੋਟ ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਦਾਅਵਾ ਕੀਤਾ ਕਿ ਬਰਗਾੜੀ ਵਿਚ ਭਾਰੀ ਇਕੱਠ ਹੋਵੇਗਾ। ਉਧਰ, ਬਰਗਾੜੀ ਗੋਲੀ ਕਾਂਡ ਦੇ ਪੀੜਤ ਪਰਿਵਾਰ ਤੇ ਪਿੰਡ ਸਰਾਵਾਂ ਅਤੇ ਬਹਿਬਲ ਖੁਰਦ ਦੀਆਂ ਪੰਚਾਇਤਾਂ ਨੇ ਅੱਜ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨਾਲ ਮੁਲਾਕਾਤ ਕਰਕੇ ਭੋਗ ਵਿਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ।