ਪੰਜਾਬ ਵਿੱਚ ਪੰਚਾਿੲਤ ਚੋਣਾਂ ਅੱਜ

ਪੰਜਾਬ ਵਿਚ ਭਲਕੇ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਚੋਣ ਪਾਰਟੀਆਂ ਪਿੰਡਾਂ ਵਿਚ ਪਹੁੰਚ ਗਈਆਂ ਹਨ ਅਤੇ ਚੋਣਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਸਰਪੰਚੀ ਤੇ ਪੰਚੀ ਦੀਆਂ ਚੋਣਾਂ ਜਿੱਤਣ ਲਈ ਉਮੀਦਵਾਰਾਂ ਵਿਚਾਲੇ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਜਿਸ ਦਾ ਫੈਸਲੇ ਭਲਕੇ ਸ਼ਾਮੀ ਹੋ ਜਾਵੇਗਾ। ਪੰਚਾਇਤੀ ਚੋਣਾਂ ਕਰਵਾਉਣ ਲਈ 85,000 ਚੋਣ ਸਟਾਫ ਦੀ ਡਿਊਟੀ ਲਗਾਈ ਗਈ ਹੈ। ਚੋਣ ਬੇਨਿਯਮੀਆਂ ਦੇ ਮਾਮਲੇ ਵਿਚ ਦਸੂਹਾ ਦੇ ਐਸ.ਡੀ.ਐਮ. ਹਰਚਰਨ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਪਰਮਜੀਤ ਸਿੰਘ ,ਟਾਂਡਾ ਦੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੂੰ ਬਦਲ ਦਿੱਤਾ ਗਿਆ ਅਤੇ ਚੋਣ ਕਮਿਸ਼ਨ ਨੇ ਇਨਾਂ ਖਿਲਾਫ ਰੈਗੂਲਰ ਜਾਂਚ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਦੇ ਨਾਲ ਮਾਨਸਾ ਦੇ ਸਬ ਡਿਵੀਜ਼ਨਲ ਇੰਜਨੀਅਰ ਮਲਕੀਅਤ ਸਿੰਘ ਨੂੰ ਰਿਕਾਰਡ ਨਾਲ ਛੇੜ ਛਾੜ ਦੇ ਦੋਸ਼ ਹੇਠ ਮੁਅੱਤਲ ਕਰ ਦਿਤਾ ਹੈ। ਚੋਣ ਪ੍ਰੋਗਰਾਮ ਅੁਨਸਾਰ ਵੋਟਾਂ ਸਵੇਰੇ ਅੱਠ ਵਜੇ ਪੈਣੀਆਂ ਸ਼ੁਰੂ ਹੋਣਗੀਆਂ ਤੇ ਸ਼ਾਮ ਚਾਰ ਵਜੇ ਤਕ ਵੋਟਾਂ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤੇ ਦੇਰ ਸ਼ਾਮ ਤਕ ਸਾਰੇ ਚੋਣ ਨਤੀਜੇ ਆ ਜਾਣਗੇ। ਇਸ ਦੇ ਨਾਲ ਹੀ ਜਿਹੜੇ ਪਿੰਡਾਂ ਵਿਚ ਸਰਬਸੰਮਤੀ ਹੋ ਗਈ ਹੈ,ਉਨ੍ਹਾਂ ਅਤੇ ਜਿਥੇ ਚੋਣਾਂ ਕਰਵਾਈਆਂ ਜਾਣੀਆਂ ਹਨ,ਦੋਵਾਂ ਦੇ ਜੇਤੂੁਆਂ ਨੂੰ ਸਰਟੀਫਿਕੇਟ ਭਲਕੇ ਹੀ ਜਾਰੀ ਕੀਤੇ ਜਾਣਗੇ। ਜਮਹੂਰੀਅਤ ਦੇ ਸਭ ਤੋਂ ਹੇਠਲੇ ਅਦਾਰੇ ਦੀਆਂ ਚੋਣਾਂ ਅਮਨ ਅਮਾਨ ਨਾਲ ਕਰਵਾਉਣ ਲਈ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਕਰ ਦਿਤੀ ਗਈ ਹੈ। ਪੰਜਾਬ ਦੀਆਂ 13,276 ਪੰਚਾਇਤਾਂ ਵਿਚੋ 4363 ਪੰਚਾਇਤਾਂ ਦੇ ਸਰਪੰਚ ਅਤੇ 46754 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ ਪਰ ਸੂਬਾਈ ਚੋਣ ਕਮਿਸ਼ਨ ਕੋਲ ਇਸ ਗੱਲ ਦੀ ਸਹੀ ਜਾਣਕਾਰੀ ਨਹੀਂ ਹੈ ਕਿ ਸੂਬੇ ਵਿਚ ਕਿੰਨੀਆਂ ਪੰਚਾਇਤਾਂ ਦੀਆਂ ਚੋਣਾਂ ਸਰਬਸੰਮਤੀ ਨਾਲ ਹੋਈਆਂ ਹਨ। ਪਰ ਹਰੇਕ ਜ਼ਿਲੇ ਵਿਚ ਸਰਬਸੰਮਤੀ ਨਾਲ ਚੋਣਾਂ ਹੋਣ ਦੀਆਂ ਰਿਪੋਰਟਾਂ ਹਨ ਤੇ ਦੋ ਹਜ਼ਾਰ ਤੋਂ ਵੱਧ ਪੰਚਾਇਤਾਂ ਦੀਆਂ ਚੋਣਾਂ ਸਰਬਸੰਮਤੀ ਨਾਲ ਹੋਣ ਦੀਆਂ ਰਿਪੋਰਟਾਂ ਹਨ। ਪ੍ਰਾਪਤ ਜਾਣਕਾਰੀ ਅੁਨਸਾਰ ਬਹੁਤ ਸਾਰੀਆਂ ਪੰਚਾਇਤਾਂ ਵਿਚ ਕਾਂਗਰਸੀ ਹੀ ਇਕ ਦੂਜੇ ਖਿਲਾਫ ਚੋਣ ਮੈਦਾਨ ਵਿਚ ਡਟੇ ਹੋਏ ਹਨ। ਅਨੇਕਾਂ ਥਾਵਾਂ ’ਤੇ ਅਕਾਲੀ ਕਾਂਗਰਸੀਆਂ ਵਿਚੋ ਕਿਸੇ ਨਾ ਕਿਸੇ ਨੂੰ ਅੱਗੇ ਲਾ ਕੇ ਚੋਣ ਨਜ਼ਾਰੇ ਦੇਖਣ ਲੱਗੇ ਹੋਏ ਹਨ। ਬਹੁਤ ਸਾਰੇ ਪਿੰਡਾਂ ਵਿਚ ਸਰਪੰਚੀ ਦੇ ਉਮੀਦਵਾਰ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਸ਼ਰਾਬ ਤੇ ਹੋਰ ਨਸ਼ਾ ਵਰਤਾ ਰਹੇ ਹਨ। ਕਈ ਥਾਈਂ ਹਰਿਆਣਾ ਤੋਂ ਸ਼ਰਾਬ ਲਿਆਉਂਦੇ ਵਿਅਕਤੀ ਫੜੇ ਗਏ। ਇਸ ਨਾਲ ਵੋਟਾਂ ਵਿਚ ਵੱਡੀ ਪੱਧਰ ਤੇ ਸ਼ਰਾਬ ਵਰਤਾਏ ਜਾਣ ਦੀਆਂ ਰਿਪੋਰਟਾਂ ਦੀ ਪੁਸ਼ਟੀ ਹੁੰਦੀ ਹੈ। ਕਈ ਪਿੰਡਾਂ ਵਿਚ ਕਰੀਬੀ ਰਿਸ਼ਤੇਦਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ ਤੇ ਬਰਨਾਲਾ ਜ਼ਿਲੇ ਦੇ ਈਸ਼ਰ ਸਿੰਘ ਵਾਲਾ ਪਿੰਡ ਵਿਚ ਜਠਾਣੀ ਤੇ ਦਰਾਣੀ ਚੋਣ ਮੈਦਾਨ ਵਿਚ ਹਨ ਤੇ ਕਰੀਬੀ ਰਿਸ਼ਤੇਦਾਰੀ ਦੇ ਬਾਵਜੂਦ ਪਿੰਡ ਵਿਚ ਖਿੱਚੋਤਾਣ ਵਾਲੀ ਸਥਿਤੀ ਬਣੀ ਹੋਈ ਹੈ। ਇਸ ਦੇ ਨਾਲ ਜਿਹੜੇ ਪਿੰਡਾਂ ਵਿਚ ਧੱਕੇ ਨਾਲ ਕਾਗਜ਼ ਰੱਦ ਕਰਨ ਦੇ ਦੋਸ਼ ਲੱਗੇ ਹਨ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੌ ਤੋਂ ਵੱਧ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਸੂਬਾਈ ਚੋਣ ਕਮਿਸ਼ਨ ਅਤੇ ਡਿਪਟੀ ਕਮਿਸ਼ਨਰਾਂ ਨੂੰ ਬੇਨਿਯਮੀਆਂ ਦੂਰ ਕਰਨ ਦੇ ਹੁਕਮ ਦਿਤੇ ਸਨ ਤੇ ਇਹ ਪਟੀਸ਼ਨਾਂ ਮੁੜ ਉਨ੍ਹਾਂ ਹੀ ਰਿਟਰਨਿੰਗ ਅਧਿਕਾਰੀਆਂ ਕੋਲ ਪਹੁੰਚਾ ਦਿਤੀਆਂ ਗਈਆਂ ਸਨ ਜਿਨਾਂ ਨੇ ਪਹਿਲਾਂ ਕਾਗਜ਼ ਰੱਦ ਕੀਤੇ ਸਨ। ਇਸ ਕਰਕੇ ਇਨਾਂ ਦੇ ਹੱਕ ਵਿਚ ਫੈਸਲੇ ਹੋਣ ਦੀਆਂ ਰਿਪੋਰਟਾਂ ਨਹੀਂ ਮਿਲੀਆਂ। ਇਸ ਲਈ ਇਨਾਂ ਨੂੰ ਇਨਸਾਫ ਲੈਣ ਲਈ ਪਟੀਸ਼ਨਾਂ ਦਾਇਰ ਕਰਨੀਆਂ ਪੈਣਗੀਆਂ। ਬਾਕਸ ਆਈਟਮ : ਵੋਟਰਾਂ ਸੂਚੀ ਵਿਚ ਬੇਨਿਯਮੀਆਂ ਬਾਰੇ ਸ਼ਿਕਾਇਤਾਂ ਦੀ ਜਾਂਚ ਕਰਵਾਈ ਗਈ ਤਾਂ ਦੋਸ਼ਾਂ ਦੀ ਪੁਸ਼ਟੀ ਹੋ ਗਈ। ਇਸ ਦੀ ਰਿਪੋਰਟ ਸੂਬੇ ਦੇ ਮੁੱਖ ਸਕੱਤਰ ਕਰਨ ਅਤਵਾਰ ਸਿੰਘ ਨੇ ਸੂਬਾਈ ਚੋਣ ਕਮਿਸ਼ਨ ਨੂੰ ਭੇਜੀ ਹੈ ਜਿਸ ਦੇ ਆਧਾਰ ’ਤੇ ਦਸੂਹਾ ਦੇ ਐਸ.ਡੀ.ਐਮ.ਹਰਚਰਨ ਸਿੰਘ ਨੂੰ ਬਦਲ ਦਿਤਾ ਗਿਆ ਹੈ ਤੇ ਉਸ ਦਾ ਚਾਰਜ ਹੁਸ਼ਿਆਰਪੁਰ ਮਿਊਂਸਿਪਲ ਕਮੇਟੀ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੂੰ ਵਾਧੂ ਚਾਰਜ ਦਿਤਾ ਹੈ। ਦਸੂਹਾ ਦੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਪਰਮਜੀਤ ਸਿੰਘ , ਟਾਂਡਾ ਦੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਇਸ ਮਾਮਲੇ ਨਾਲ ਸਬੰਧਤ ਕਾਨੂੰਨਗੋ ਅਤੇ ਪਟਵਾਰੀ ਨੂੰ ਵੀ ਬਦਲ ਦਿਤਾ ਗਿਆ ਹੈ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਟਾਂਡਾ ਨੂੰ ਹੈਡਕੁਆਟਰ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਤੇ ਉਸ ਦੀ ਥਾਂ ਅਮਰਿੰਦਰਪਾਲ ਸਿੰਘ ਨੂੰ ਚਾਰਜ ਦੇ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਣ ਕਮਿਸ਼ਨਰ ਨੇ ਇਨ੍ਹਾਂ ਦੇ ਖਿਲਾਫ ਰੈਗੂਲਰ ਜਾਂਚ ਕਰ ਕੇ ਵਿਭਾਗੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਦੇ ਨਾਲ ਹੀ ਮਾਨਸਾ ਦੇ ਸਬ ਡਿਵੀਜ਼ਨਲ ਇੰਜਨੀਅਰ ਮਲਕੀਅਤ ਸਿੰਘ ਨੂੰ ਚੋਣ ਰਿਕਾਰਡ ਨਾਲ ਛੇੜ ਛਾੜ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਉਹ ਸਰਦੂਲਗੜ੍ਹ ਵਿਚ ਰਿਟਰਨਿੰਗ ਅਧਿਕਾਰੀ ਸਨ।