ਪੰਜਾਬ ਵਿਚ ‘ਹਰੀ ਦੀਵਾਲੀ’ ਮਨਾਉਣ ਦੇ ਸੱਦੇ ਨੂੰ ਹੁੰਗਾਰਾ

ਪੰਜਾਬ ਵਿਚ ‘ਹਰੀ ਦੀਵਾਲੀ’ ਮਨਾਉਣ ਦੇ ਸੱਦੇ ਨੂੰ ਹੁੰਗਾਰਾ ਮਿਲਿਆ ਹੈ| ਸੂਬੇ ਦਾ ਹਵਾ ਗੁਣਵੱਤਾ ਸੂਚਕ ਅੰਕ ਪਿਛਲੇ ਸਾਲ ਨਾਲੋਂ 29 ਫ਼ੀਸਦੀ ਹੇਠਾਂ ਰਿਹਾ ਹੈ| ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਦੇ ਛੇ ਵੱਖ-ਵੱਖ ਸ਼ਹਿਰਾਂ ਦੀ ਹਵਾ ਗੁਣਵੱਤਾ ਮਾਪਣ ਲਈ ਲਾਏ ਯੰਤਰਾਂ ਤੋਂ ਇਹ ਤੱਥ ਸਾਹਮਣੇ ਆਏ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ, ਲੁਧਿਆਣਾ, ਜਲੰਧਰ, ਖੰਨਾ, ਅੰਮ੍ਰਿਤਸਰ ਤੇ ਪਟਿਆਲਾ ਵਿਚ ਹਵਾ ਦੀ ਗੁਣਵੱਤਾ ਮਾਪਣ ਵਾਲੇ ਯੰਤਰਾਂ ਦੇ ਡੇਟਾ ਅਨੁਸਾਰ ਇਸ ਵਰ੍ਹੇ ਪੰਜਾਬ ਦਾ ਹਵਾ ਗੁਣਵੱਤਾ ਸੂਚਕ ਅੰਕ ਔਸਤਨ 234 ਰਿਹਾ, ਜਦੋਂਕਿ ਪਿਛਲੇ ਵਰ੍ਹੇ ਇਹ ਔਸਤਨ 328 ਸੀ। ਹਵਾ ਦੀ ਗੁਣਵੱਤਾ ਵਿੱਚ ਆਏ ਇਸ ਸੁਧਾਰ ਨੂੰ ਉਤਸ਼ਾਹਜਨਕ ਦੱਸਦਿਆਂ ਬੋਰਡ ਨੇ ਚੇਅਰਮੈਨ ਪ੍ਰੋ. ਐੱਸ.ਐੱਸ ਮਰਵਾਹਾ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਦੀਵਾਲੀ ਮੌਕੇ ਪਟਾਕੇ ਚਲਾਉਣ ਨਾਲ ਹੋ ਰਹੇ ਹਵਾ ਪ੍ਰਦੂਸ਼ਣ ਖ਼ਿਲਾਫ਼ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ ’ਤੇ ਫੈਲਾਈ ਜਾਗਰੂਕਤਾ ਮੁਹਿੰਮ ਦੇ ਸਿੱਟੇ ਨਿਕਲੇ ਹਨ। ਪਿਛਲੇ ਸਾਲ ਪੰਜਾਬ ਦਾ ਪੀਐੱਮ.10 ਔਸਤਨ 430 ਅਤੇ ਪੀਐੱਮ2.5 ਔਸਤਨ 225.63 ਮਾਈਕ੍ਰੋਗ੍ਰਾਮ/ਘਣ ਮੀਟਰ ਸੀ, ਜਦੋਂਕਿ ਇਸ ਵਰ੍ਹੇ ਇਹ ਔਸਤ ਕ੍ਰਮਵਾਰ 277 ਅਤੇ 126 ਮਾਈਕ੍ਰੋਗ੍ਰਾਮ/ਘਣ ਮੀਟਰ ਰਿਕਾਰਡ ਕੀਤੀ ਗਈ| ਪੀਐੱਮ.10 ਵਿਚ 36 ਫ਼ੀਸਦੀ ਅਤੇ ਪੀਐੱਮ2.5 ਵਿਚ 44 ਫ਼ੀਸਦੀ ਤਕ ਆਈ ਗਿਰਾਵਟ ਬਹੁਤ ਉਤਸ਼ਾਹਜਨਕ ਹੈ। ਪ੍ਰੋ. ਮਰਵਾਹਾ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ‘ਹਰੀ ਦੀਵਾਲੀ’ ਮਨਾਉਣ ਲਈ ਪੰਜਾਬੀਆਂ ਦੇ ਹਾਂ-ਪੱਖੀ ਹੁੰਗਾਰੇ ਨੂੰ ਦੇਖਦਿਆਂ ਅੱਗੇ ਤੋਂ ਹੋਰ ਸਹਿਯੋਗ ਦੀ ਮੰਗ ਕੀਤੀ|