ਪੰਜਾਬ ਦੇ ਰਾਜ ਪੰਛੀ ਬਾਜ਼ ਦੀ ਭਾਲ ਲਈ ਯਤਨ

ਪੰਜਾਬ ਦੇ ਰਾਜ ਪੰਛੀ ਬਾਜ਼ (ਨੌਰਦਰਨ ਗੋਸਹਾਕ) ਨੂੰ ਫੜਨ ਜਾਂ ਇਸ ਦੇ ਕੁੱਝ ਜੋੜੇ ਸਾਂਭਣ ਦੀਆਂ ਕਈ ਸਾਲਾਂ ਦੀਆਂ ਕੋਸ਼ਿਸ਼ਾਂ ਬਾਅਦ ਹੁਣ ਪੰਜਾਬ ਜੰਗਲੀ ਜੀਵ ਵਿਭਾਗ ਨੇ ਪੂਰਬੀ ਯੂਰਪੀਅਨ ਦੇਸ਼ਾਂ ਅਤੇ ਸੰਯੁਕਤ ਅਰਬ ਅਮੀਰਾਤ, ਅਫਗਾਨਿਸਤਾਨ ਅਤੇ ਪਾਕਿਸਤਾਨ ਤੱਕ ਵੀ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਇਸ ਦੇ ਕੁੱਝ ਜੋੜੇ ਬਚਾਏ ਜਾ ਸਕਣ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਚਿੱਤਰਾਂ ’ਚ ਦਿਖਾਈ ਦਿੰਦਾ ਬਾਜ਼ ਹੁਣ ਮੁਸ਼ਕਿਲ ਨਾਲ ਹੀ ਪੰਜਾਬ ਵਿਚ ਕਿਤੇ ਦਿਖਾਈ ਦਿੰਦਾ ਹੈ। ਇਸ ਦਾ ਮੁੱਖ ਕਾਰਨ ਪੰਜਾਬ ਦੀ ਧਰਤੀ ਉੱਤੇ ਇਸਦਾ ਸ਼ਿਕਾਰ ਘਟਣਾ ਮੰਨਿਆ ਜਾਂਦਾ ਹੈ। ਪਹਿਲਾਂ ਬਾਜ਼ ਹਿਮਾਲਿਆਂ ਦੀਆਂ ਹੇਠਲੀਆਂ ਪਹਾੜੀਆਂ ਵਿਚ ਦਿਖਾਈ ਦੇ ਜਾਂਦਾ ਸੀ ਪਰ ਹੁਣ ਇਸ ਨੇ ਹਿਮਾਲਿਆ ਦੀਆਂ ਉਤਲੀਆਂ ਪਹਾੜੀਆਂ ਨੂੰ ਸ਼ਾਇਦ ਆਪਣਾ ਟਿਕਾਣਾ ਬਣਾ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਨੇ ਦੇਸ਼ ਦੇ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਅਤੇ ਸੈਂਟਰਲ ਜ਼ੂ ਅਥਾਰਟੀ ਤੋਂ ਜੰਗਲ ਵਿਚੋਂ ਵੀ ਬਾਜ਼ ਨੂੰ ਬਚਾਉਣ ਦੀ ਆਗਿਆ ਹਾਸਲ ਕਰ ਲਈ ਹੈ। ਵਿਭਾਗ ਦੇ ਅੰਦੂਰਨੀ ਸੂਤਰਾਂ ਅਨੁਸਾਰ ਵਿਭਾਗ ਨੇ ਬਾਜ਼ ਦੀ ਜੰਗਲ ਵਿਚ ਭਾਲ ਕਰਨ ਲਈ ਪਹਿਲਾਂ ਹੀ ਕਮੇਟੀ ਬਣਾ ਦਿੱਤੀ ਹੈ। ਬਾਜ਼ ਨੂੰ ਬਚਾਉਣ ਦੇ ਯਤਨਾਂ ਵਜੋਂ ਇੱਕ ਵਾਰ ਜੁਲਾਈ 2011 ਵਿਚ ਜੰਗਲੀ ਜੀਵ ਜੰਤੂ ਵਿਭਾਗ ਨੇ ਲਾਹੌਰ ਚਿੜੀਆ ਘਰ ਦੇ ਨਾਲ ਵੀ ਜੰਗਲੀ ਜੀਵ ਜੰਤੂਆਂ ਦਾ ਤਬਾਦਲਾ ਕਰਨ ਦੀ ਯੋਜਨਾ ਬਣਾਈ ਸੀ ਪਰ ਦੋਵਾਂ ਦੇਸ਼ਾਂ ਵਿਚ ਵਿਚ ਚੰਗੇ ਸਬੰਧ ਨਾ ਹੋਣ ਕਾਰਨ ਇਹ ਯੋਜਨਾ ਕਾਗਜ਼ਾਂ ਵਿਚ ਹੀ ਰਹਿ ਗਈ ਹੈ। ਪ੍ਰਿੰਸੀਪਲ ਚੀਫ ਕੰਜ਼ਵੇਟਰ ਜੰਗਲਾਤ (ਵਾਈਲਡ ਲਾਈਫ) ਕੁਲਦੀਪ ਕੁਮਾਰ ਨੇ ਦੱਸਿਆ ਕਿ ਜੇ ਬਾਜ਼ ਭਾਰਤ ਵਿਚ ਨਹੀਂ ਮਿਲਦਾ ਤਾਂ ਇਸ ਨੂੰ ਪੂਰਬੀ ਯੂਰਪ ਦੇ ਦੇਸ਼ਾਂ ਵਿਚੋਂ ਲਿਆ ਕੇ ਛੱਤਬੀੜ ਵਿਚ ਇਸ ਦੀ ਨਸਲ ਸਾਂਭੀ ਜਾਵੇਗੀ।