ਪੰਜਾਬ ਦੀ ਤਕਦੀਰ ਬਦਲਣ ਲਈ ਕੱਢਿਆ ਜਾਵੇਗਾ ਇਨਸਾਫ਼ ਮਾਰਚ: ਖਹਿਰਾ

ਪੰਜਾਬ ਦੀ ਜਵਾਨੀ, ਕਿਰਸਾਨੀ, ਭੁੱਖਮਰੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦਿਆਂ ਦੀ ਫੂਕ ਨਿਕਲ ਚੁੱਕੀ ਹੈ। ਅੱਜ ਹਰ ਵਰਗ ਸੜਕਾਂ ’ਤੇ ਹੈ, ਪਰ ਅਫਸੋਸ ਪੰਜਾਬ ਦੇ ਮੁੱਖ ਮੰਤਰੀ ਅਕਾਲੀ ਦਲ ਨਾਲ ਯਾਰੀਆਂ ਪੁਗਾ ਰਹੇ ਹਨ। ਇਹ ਪ੍ਰਗਟਾਵਾ ‘ਆਪ’ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕੀਤਾ। ਉਹ ਇਥੇ ਸਰਕਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸਨ। ਸ੍ਰੀ ਖਹਿਰਾ ਨੇ ਕਿਹਾ ਕਿ 8 ਦਸੰਬਰ ਤੋਂ ਬੈਂਸ ਭਰਾ, ਧਰਮਵੀਰ ਗਾਂਧੀ ਤੇ ਉਹ, ਇਨਸਾਫ ਪਸੰਦ ਲੋਕਾਂ ਨੂੰ ਨਾਲ ਲੈ ਕੇ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਨਤਮਸਤਕ ਹੋ ਕੇ ਪੰਜਾਬ ਵਿੱਚ ਇਨਸਾਫ਼ ਮਾਰਚ ਕੱਢ ਰਹੇ ਹਨ। ਇਹ ਮਾਰਚ ਪੰਜਾਬ ਦੀ ਤਕਦੀਰ ਬਦਲਣ ਲਈ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਰਚ 9 ਦਿਨ ਦਾ ਹੈ ਤੇ ਪਹਿਲੇ ਦਿਨ ਉਨ੍ਹਾਂ ਦਾ ਕਾਫਲਾ ਯੋਧਪੁਰ ਪਾਖਰ ਰੁਕੇਗਾ ਅਤੇ 16 ਦਸੰਬਰ ਨੂੰ ਪਟਿਆਲਾ ਪੁੱਜੇਗਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ’ਤੇ ਵਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਸਰੇਆਮ ਘੁੰਮ ਰਹੇ ਹਨ ਪਰ ਕੈਪਟਨ ਸਰਕਾਰ ਦੋਸ਼ੀਆਂ ਨੂੰ ਫੜਨ ਦੀ ਥਾਂ ਉਨ੍ਹਾਂ ਨੂੰ ਬਚਾਅ ਰਹੀ ਹੈ। ਉਨ੍ਹਾਂ ਕਿਹਾ ਕਿ ਇਨਸਾਫ ਮਾਰਚ ਦਾ ਮੁੱਖ ਏਜੰਡਾ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੈ। ਨਵੀਂ ਪਾਰਟੀ ਬਣਾਉਣ ਬਾਰੇ ਪੁੱਛੇ ਗਏ ਸਵਾਲ ਦਾ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਦੇ ਹੱਕ ਧਰਨਾ ਲਗਾਉਣ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸੱਭ ਤੋਂ ਵੱਧ ਅਕਾਲੀ ਦਲ ਰਾਜ ਵਿੱਚ ਹੀ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ 35 ਲੱਖ ਦੇ ਕਰੀਬ ਗਰੀਬ ਬੱਚਿਆਂ ਤੋਂ ਸਿੱਖਿਆ ਖੋਹ ਕੇ ਅਜੂਕੇਸ਼ਨ ਢਾਂਚੇ ਨੂੰ ਤਹਿਸ ਕਰਨ ’ਤੇ ਲੱਗੀ ਹੋਈ ਹੈ। ਕਾਂਗਰਸ ਵਿੱਚ ਬੁਰੀ ਤਰਾਂ ਫੁੱਟ ਪੈ ਚੁੱਕੀ ਹੈ। ਉਨ੍ਹਾਂ ਨਵਜੋਤ ਸਿੱਧੂ ਨੂੰ ਆਪਣੇ ਨਾਲ ਆਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਕੱਦ ਵਾਲਾ ਕੋਈ ਆਗੂ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਉਹ ਖ਼ੁਦਮੁਖਤਿਆਰੀ ਲਈ ਕੇਜਰੀਵਾਲ ਨਾਲ ਲੜਾਈ ਲੜ ਰਹੇ ਹਨ ਤੇ ਕੇਜਰੀਵਾਲ ਐਲ.ਜੀ. ਤੋਂ। ਇਸ ਮੌਕੇ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸਾਹੀਆਂ, ਵਿਧਾਇਕ ਜਗਦੇਵ ਸਿੰਘ ਕਮਾਲੂ ਹਲਕਾ ਮੌੜ, ਮਾਸਟਰ ਬਲਦੇਵ ਸਿੰਘ ਜੈਤੋਂ, ਹਰਦੀਪ ਸਿੰਘ ਭਰੂਰ, ਵਿਧਾਇਕ ਪਿਰਮਲ ਸਿੰਘ ਖ਼ਾਲਸਾ ਆਦਿ ਉਨ੍ਹਾਂ ਦੇ ਨਾਲ ਸਨ।