ਪਿੰਡ ਮੰਗੇਵਾਲਾ ਵਿਚ ਹਾਕਮ ਧਿਰ ਵੱਲੋਂ ਸਰਪੰਚੀ ਦੀ ਉਮੀਦਵਾਰ ਮਹਿਲਾ ਦੇ ਪਤੀ ’ਤੇ ਕਾਰ ਸਵਾਰ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਬੰਧਤ ਨੌਜਵਾਨ ਦੇ ਪਰਿਵਾਰ ਨੂੰ ਚੋਣ ਮੈਦਾਨ ’ਚੋਂ ਹਟਣ ਲਈ ਜੇਲ੍ਹ ’ਚੋਂ ਧਮਕੀਆਂ ਮਿਲ ਰਹੀਆਂ ਸਨ। ਥਾਣਾ ਸਦਰ ਮੁਖੀ ਇੰਸਪੈਕਟਰ ਜੇ ਜੇ ਅਟਵਾਲ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।
ਇੱਥੇ ਸਿਵਲ ਹਸਪਤਾਲ ਵਿਚ ਦਾਖ਼ਲ ਗੁਰਵਿੰਦਰ ਸਿੰਘ ਵਾਸੀ ਮੰਗੇਵਾਲਾ ਨੇ ਦੱਸਿਆ ਕਿ ਉਹ ਸਵੇਰੇ ਤਕਰੀਬਨ 10 ਵਜੇ ਆਪਣੇ ਘਰ ਅੱਗੇ ਖੜ੍ਹਾ ਸੀ। ਇਸ ਦੌਰਾਨ ਕਾਰ ਸਵਾਰ ਵਿਅਕਤੀਆਂ ਨੇ ਉਸ ਉੱਤੇ ਬੇਸਬਾਲ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਪਿੰਡ ਦੀ ਸਰਪੰਚੀ ਔਰਤਾਂ ਲਈ ਰਾਖਵੀਂ ਹੈ। ਉਸ ਦੀ ਪਤਨੀ ਮਨਪ੍ਰੀਤ ਕੌਰ ਹਾਕਮ ਧਿਰ ਵੱਲੋਂ ਸਰਪੰਚੀ ਲਈ ਦਾਅਵੇਦਾਰ ਹੈ। ਇਸ ਮੌਕੇ ਪੀੜਤ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਚੋਣ ਮੈਦਾਨ ’ਚੋਂ ਹਟਣ ਲਈ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਦੇ ਵਿਰੋਧੀ ਦੇ ਸਮਰਥਕ ਇਕ ਪਰਿਵਾਰ ਦਾ ਪਿਛੋਕੜ ਨਾਭਾ ਜੇਲ੍ਹ ਬ੍ਰੇਕ ਕਾਂਡ ਵਿਚ ਗ੍ਰਿਫ਼ਤਾਰ ਗੈਂਗਸਟਰਾਂ ਨਾਲ ਸਬੰਧਤ ਹੈ, ਇਸ ਕਰ ਕੇ ਉਨ੍ਹਾਂ ਨੂੰ ਜੇਲ੍ਹ ’ਚੋਂ ਹੀ ਨਹੀਂ, ਸਗੋਂ ਸਪੀਕਰ ਦਾ ਹੋਕਾ ਦੇ ਕੇ ਟੇਢੇ ਢੰਗ ਨਾਲ ਧਮਕਾਇਆ ਜਾ ਰਿਹਾ ਸੀ।
ਇਸ ਮੌਕੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਵਿਚ ਪੰਚਾਇਤ ਦੀ ਚੋਣ ਕਰਨ ਲਈ ਸਰਬਸੰਮਤੀ ਦੀ ਗੱਲ ਵੀ ਚੱਲੀ ਸੀ, ਪਰ ਤੀਜੀ ਧਿਰ ਨੂੰ ਸਰਪੰਚ ਬਣਾਉਣ ਲਈ ਸਹਿਮਤੀ ਕਥਿਤ ਤੌਰ ’ਤੇ ਗੈਂਗਸਟਰਾਂ ਦੀ ਦਹਿਸ਼ਤ ਕਾਰਨ ਟੁੱਟ ਗਈ। ਥਾਣਾ ਸਦਰ ਪੁਲੀਸ ਨੇ ਦੇਰ ਸ਼ਾਮ ਤੱਕ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਨਹੀਂ ਕੀਤੇ ਸਨ।
ਦੱਸਣਯੋਗ ਹੈ ਕਿ ਗੈਂਗਸਟਰ ਦੇਵਿੰਦਰ ਬੰਬੀਹਾ ਗਰੁੱਪ ਦੇ ਸੁਖਪ੍ਰੀਤ ਬੁੱਢਾ ਕੁੱਸਾ ਵੱਲੋਂ ਕੱਲ੍ਹ ਫੇਸਬੁੱਕ ’ਤੇ ਪਿੰਡ ਮਾਣੂੰਕੇ ਵਿਚ ਹੋਏ ਰਾਜਿੰਦਰ ਕੁਮਾਰ ਉਰਫ਼ ਗੋਗਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ ਤੇ ਕੁਝ ਸਿਆਸੀ ਆਗੂਆਂ ਨੂੰ ਵੀ ਤਿਆਰ ਰਹਿਣ ਦੀ ਧਮਕੀ ਦਿੱਤੀ ਗਈ। ਇਸ ਦੇ ਨਾਲ ਹੀ ਪੰਚਾਇਤੀ ਚੋਣਾਂ ਵਿਚ ਖੜ੍ਹੇ ਉਨ੍ਹਾਂ ਦੇ ਹਮਾਇਤੀਆਂ ਦੇ ਵਿਰੋਧ ਵਿਚ ਆਉਣ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਗਈ ਸੀ। ਇਸ ਦੌਰਾਨ ਅੱਜ ਡੀਐੱਸਪੀ ਬਾਘਾਪੁਰਾਣਾ ਰਣਜੋਧ ਸਿੰਘ ਅਤੇ ਇੰਸਪੈਕਟਰ ਜਸਵੰਤ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਭੈਅ ਮੁਕਤ ਹੋ ਕੇ ਵੋਟਾਂ ਪਾਉਣ ਦਾ ਹੋਕਾ ਦਿੱਤਾ ਗਿਆ।
INDIA ਪੰਚਾਇਤੀ ਚੋਣ: ਮਹਿਲਾ ਉਮੀਦਵਾਰ ਦੇ ਪਤੀ ’ਤੇ ਹਮਲਾ, ਗੰਂਭੀਰ ਜ਼ਖ਼ਮੀ