ਪੰਚਾਇਤੀ ਚੋਣਾਂ ਵਾਸਤੇ ਪੋਲਿੰਗ ਪਾਰਟੀਆਂ ਪਿੰਡਾਂ ’ਚ ਪੁੱਜੀਆਂ

ਬਠਿੰਡਾ ਇਸ ਜ਼ਿਲ੍ਹੇ ਵਿਚ ਪੰਚਾਇਤੀ ਚੋਣਾਂ ਲਈ ਕਰੀਬ ਪੌਣੇ ਤਿੰਨ ਸੌ ਪਿੰਡਾਂ ਵਿਚ ਵੋਟਾਂ ਲਈ ਚੋਣ ਮੈਦਾਨ ਸਜ ਕੇ ਤਿਆਰ ਹੋ ਗਿਆ ਹੈ। ਜ਼ਿਲ੍ਹੇ ਭਰ ਵਿਚ ਅੱਜ ਸ਼ਾਮ ਤੱਕ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਪਹਿਰੇ ਹੇਠ 723 ਪੋਲਿੰਗ ਟੀਮਾਂ ਪੁੱਜ ਗਈਆਂ ਹਨ। ਭਲਕੇ ਸਵੇਰ 8 ਵਜੇ ਤੋਂ 4 ਵਜੇ ਤੱਕ ਪੋਲਿੰਗ ਚੱਲੇਗੀ। ਛੇ ਵਜੇ ਮਗਰੋਂ ਪੋਲਿੰਗ ਸਟੇਸ਼ਨਾਂ ਤੋਂ ਚੋਣ ਨਤੀਜੇ ਆਉਣੇ ਸ਼ੁਰੂ ਹੋ ਜਾਣੇ ਹਨ। ਜ਼ਿਲ੍ਹੇ ਭਰ ਵਿਚ 308 ਪੰਚਾਇਤਾਂ ਹਨ ਜਿਨ੍ਹਾਂ ਚੋਂ 34 ਪਿੰਡਾਂ ਵਿਚ ਸਮੁੱਚੀ ਪੰਚਾਇਤ ਦੀ ਸਰਬਸੰਮਤੀ ਜਾਂ ਬਿਨਾਂ ਮੁਕਾਬਲਾ ਚੋਣ ਹੋ ਚੁੱਕੀ ਹੈ ਜਦੋਂ ਕਿ ਬਾਕੀ 274 ਪਿੰਡਾਂ ਵਿਚ ਭਲਕੇ ਚੋਣ ਹੋਵੇਗੀ। ਜ਼ਿਲ੍ਹੇ ਦੇ ਨੌ ਬਲਾਕਾਂ ਦੇ ਪਿੰਡਾਂ ਵਿਚ 3615 ਮੁਲਜ਼ਮ ਚੋਣ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਚੋਣ ਪ੍ਰਸ਼ਾਸਨ ਤਰਫ਼ੋਂ ਚੋਣ ਅਮਲੇ ਲਈ 170 ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਅਤੇ ਅੱਜ ਰਿਟਰਨਿੰਗ ਅਫ਼ਸਰਾਂ ਨੇ ਸੁਰੱਖਿਆ ਪਹਿਰੇ ਹੇਠ ਪੋਲਿੰਗ ਟੀਮਾਂ ਨੂੰ ਬੱਸਾਂ ਰਾਹੀਂ ਰਵਾਨਾ ਕੀਤਾ। ਚੋਣ ਡਿਊਟੀ ਲਈ ਜ਼ਿਲ੍ਹੇ ਵਿਚ ਤਿੰਨ ਚੋਣ ਅਬਜ਼ਰਵਰ ਵੀ ਪੁੱਜ ਗਏ ਹਨ ਅਤੇ ਕਰੀਬ ਇੱਕ ਦਰਜਨ ਉਮੀਦਵਾਰਾਂ ਨੇ ਪੋਲਿੰਗ ਸਟੇਸ਼ਨਾਂ ਤੇ ਪ੍ਰਾਈਵੇਟ ਵੀਡੀਓਗਰਾਫੀ ਕਰਨ ਦੀ ਪ੍ਰਵਾਨਗੀ ਲਈ ਹੈ। ਇਸੇ ਦੌਰਾਨ ਪਿੰਡ ਮਹਿਮਾ ਭਗਵਾਨਾ ਸਮੇਤ ਤਿੰਨ ਪਿੰਡਾਂ ਦੇ ਲੋਕਾਂ ਨੇ ਕਿੱਲੀ ਨਿਹਾਲ ਸਿੰਘ ਵਾਲਾ ਦੇ ਚੌਕੀ ਇੰਚਾਰਜ ਹਰਬੰਸ ਸਿੰਘ ਦੀ ਸ਼ਿਕਾਇਤ ਕੀਤੀ ਹੈ ਜਿਸ ’ਤੇ ਪੱਖਪਾਤ ਦੇ ਦੋਸ਼ ਲਾਏ ਗਏ ਹਨ। ਕੋਠਾ ਬਾਬਾ ਸੁਖਾਨੰਦ ਅਤੇ ਕਲਿਆਣਾ ਸੁੱਖਾ ਵਿਚ ਵੱਧ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਮੰਗੀ ਗਈ ਹੈ। ਜ਼ਿਲ੍ਹੇ ਭਰ ਦੇ 255 ਸਰਪੰਚਾਂ ਅਤੇ 1009 ਪੰਚਾਇਤ ਮੈਂਬਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ। ਜ਼ਿਲ੍ਹੇ ਭਰ ਵਿਚ 53 ਸਰਪੰਚ ਅਤੇ 1411 ਪੰਚਾਇਤ ਮੈਂਬਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਹਨ। ਜ਼ਿਲ੍ਹਾ ਪੁਲੀਸ ਨੇ ਅੱਜ ਹਰ ਪੋਲਿੰਗ ਸਟੇਸ਼ਨ ’ਤੇ ਤਿੰਨ ਤੋਂ ਲੈ ਕੇ ਛੇ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੈ। ਹਰ ਬਲਾਕ ਵਿਚ ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਗਏ ਹਨ। ਪੰਜਾਬ ਹਰਿਆਣਾ ਸੀਮਾ ‘ਤੇ ਪੁਲੀਸ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਗਸ਼ਤ ਟੀਮਾਂ ਵੀ ਬਣਾਈਆਂ ਗਈਆਂ ਹਨ। ਅੱਜ ਦੇਰ ਸ਼ਾਮ ਤੋਂ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਦੂਜੇ ਪਾਸੇ ਚੋਣ ਪ੍ਰਸ਼ਾਸਨ ਤਰਫ਼ੋਂ ਚੋਣ ਅਮਲੇ ਨੂੰ ਰੋਟੀ ਪਾਣੀ ਲਈ ਕੁੱਝ ਵੀ ਨਹੀਂ ਦਿੱਤਾ ਜਾ ਰਿਹਾ ਹੈ ਜਦੋਂ ਵਿਧਾਨ ਸਭਾ ਚੋਣਾਂ ਵਿਚ 250 ਰੁਪਏ ਰੋਟੀ ਪਾਣੀ ਦੇ ਪ੍ਰਤੀ ਦਿਨ ਦੇ ਦਿੱਤੇ ਜਾਂਦੇ ਹਨ।