ਪ੍ਰਿੰਟਿੰਗ ਫੈਕਟਰੀ ਵਿੱਚ ਅੱਗ ਲੱਗੀ, ਲੱਖਾਂ ਦਾ ਨੁਕਸਾਨ

ਫੋਕਲ ਪੁਆਇੰਟ ਫੇਜ਼ 4 ਸਥਿਤ ਸੁਮਨ ਫਲੈਕਸਪੈਕ ਇੰਡੀਆ ਵਿਚ ਅੱਜ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਆਸਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪੁੱਜੀਆਂ, ਜਿਨ੍ਹਾਂ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਜਿੱਥੇ ਫੈਕਟਰੀ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ, ਉਥੇ ਮਸ਼ੀਨਾਂ ਵੀ ਪੂਰੀ ਤਰ੍ਹਾਂ ਸੜ ਗਈਆਂ। ਅੱਗ ਲੱਗਣ ਨਾਲ ਕਰੀਬ 25 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਫੈਕਟਰੀ ਮਾਲਕ ਵਰੁਣ ਰਲਹਨ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਵਿਚ ਪਲਾਸਟਿਕ ਪੈਕੇਟ ਪ੍ਰਿੰਟ ਹੁੰਦੇ ਹਨ। ਮੰਗਲਵਾਰ ਨੂੰ ਫੈਕਟਰੀ ਵਰਕਰਾਂ ਨੇ ਰਾਤ ਦੀ ਸ਼ਿਫ਼ਟ ’ਚ ਕੰਮ ਕੀਤਾ। ਸਵੇਰੇ ਚਾਰ ਵਜੇ ਤੱਕ ਕੰਮ ਕਰਕੇ ਉਹ ਸੌਂ ਗਏ। ਸਵੇਰੇ 7 ਵਜੇ ਉਠ ਕੇ ਉਹ ਘਰ ਚਲੇ ਗਏ ਤੇ ਸਾਢੇ 7 ਵਜੇ ਫੈਕਟਰੀ ਵਿਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈਆਂ ਦੇ ਰਹੀਆਂ ਸਨ। ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਬਾਕੀ ਲੋਕਾਂ ਦੀ ਮਦਦ ਦੇ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤਾਂ ਤਿੰਨ ਗੱਡੀਆਂ ਮੌਕੇ ’ਤੇ ਪੁੱਜੀਆਂ। ਸਵੇਰੇ 10 ਵਜੇ ਅੱਗ ’ਤੇ ਕਾਬੂ ਪਾ ਲਿਆ ਗਿਆ। ਵਰੁਣ ਅਨੁਸਾਰ ਫੈਕਟਰੀ ’ਚ ਸਾਮਾਨ ਦੇ ਨਾਲ-ਨਾਲ ਸਾਰੀ ਮਸ਼ੀਨਰੀ ਵੀ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦਾ ਕਰੀਬ 25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।