ਭਾਈ ਮਨਜੀਤ ਸਿੰਘ ਨੂੰ ਮਿਲ ਕੇ ਸ਼ਿਕਵੇ ਕੀਤੇ ਦੂਰ; ਟਕਸਾਲੀ ਆਗੂਆਂ ਨੂੰ ਪਾਰਟੀ ਦਾ ਅਹਿਮ ਹਿੱਸਾ ਦੱਸਿਆ
ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੇ ਅੰਦਰੂਨੀ ਸੰਕਟ ਦੌਰਾਨ ਅੱਜ ਪਹਿਲੀ ਵਾਰ ਜਥੇਬੰਦੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕਹੇਗੀ ਤਾਂ ਉਹ ਪਾਰਟੀ ਲਈ ਪ੍ਰਧਾਨ ਦਾ ਅਹੁਦਾ ਛੱਡ ਦੇਣਗੇ ਕਿਉਂਕਿ ਉਨ੍ਹਾਂ ਲਈ ਪਾਰਟੀ ਪਹਿਲਾਂ ਹੈ ਅਤੇ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਹਰ ਕੁਰਬਾਨੀ ਦੇਣ ਵਾਸਤੇ ਤਿਆਰ ਹਨ। ਇਹ ਪ੍ਰਗਟਾਵਾ ਉਨ੍ਹਾਂ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਦੇ ਘਰ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੌਰਾਨ ਨਾਰਾਜ਼ ਹੋਏ ਅਕਾਲੀ ਆਗੂ ਭਾਈ ਮਨਜੀਤ ਸਿੰਘ ਨੇ ਪਾਰਟੀ ਪ੍ਰਤੀ ਗਿਲੇ ਸ਼ਿਕਵੇ ਦੂਰ ਕਰਦਿਆਂ ਮੁੜ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਨਾਲ ਚੱਲਣ ਦਾ ਐਲਾਨ ਕੀਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪਾਰਟੀ ਵਿੱਚ ਬਣੇ ਸੰਕਟ ਅਤੇ ਟਕਸਾਲੀ ਅਕਾਲੀਆਂ ਵੱਲੋਂ ਪ੍ਰਗਟਾਈ ਜਾ ਰਹੀ ਨਾਰਾਜ਼ਗੀ ਬਾਰੇ ਗੱਲ ਕਰਦਿਆਂ ਉਨ੍ਹਾਂ ਪਹਿਲੀ ਵਾਰ ਖੁੱਲ੍ਹ ਕੇ ਆਖਿਆ ਕਿ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਆਦਿ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਉਹ ਇਨ੍ਹਾਂ ਸਾਰਿਆਂ ਦਾ ਹੀ ਦਿਲੋਂ ਸਤਿਕਾਰ ਕਰਦੇ ਹਨ। ਇਨ੍ਹਾਂ ਦਾ ਪਾਰਟੀ ਪ੍ਰਤੀ ਵੱਡਾ ਯੋਗਦਾਨ ਹੈ। ਉਨ੍ਹਾਂ ਆਖਿਆ ਕਿ ਸ੍ਰੀ ਬ੍ਰਹਮਪੁਰਾ ਉਨ੍ਹਾਂ ਦੇ ਪਿਤਾ ਸਮਾਨ ਹਨ। ਉਨ੍ਹਾਂ ਆਖਿਆ ਕਿ ਉਹ ਪਾਰਟੀ ਦੇ ਪਰਿਵਾਰਕ ਮੈਂਬਰ ਹਨ। ਸ਼੍ਰੋਮਣੀ ਅਕਾਲੀ ਦਲ ਸਭ ਦੀ ਪਾਰਟੀ ਹੈ ਅਤੇ ਇਹ ਇਕ ਪਰਿਵਾਰ ਹੈ। ਇਸ ਵਿੱਚ ਕਿਸੇ ਨੂੰ ਅੱਖੋਂ ਪਰੋਖੇ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਪਾਰਟੀ ਪ੍ਰਧਾਨ ਵਜੋਂ ਉਨ੍ਹਾਂ ਨੂੰ ਜ਼ਿੰਮੇਵਾਰੀ ਵੀ ਇਨ੍ਹਾਂ ਸਾਰਿਆਂ ਨੇ ਸੌਂਪੀ ਸੀ। ਜੇਕਰ ਹੁਣ ਪਾਰਟੀ ਕਹੇਗੀ ਤਾਂ ਪਾਰਟੀ ਹਿੱਤ ਵਿੱਚ ਉਹ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਪਾਰਟੀ ਲਈ ਉਹ ਹਰ ਕੁਰਬਾਨੀ ਲਈ ਤਿਆਰ ਹਨ। ਨਾਰਾਜ਼ ਅਕਾਲੀ ਆਗੂਆਂ ਨੂੰ ਮਨਾਉਣ ਬਾਰੇ ਉਨ੍ਹਾਂ ਆਖਿਆ ਕਿ ਜਿਸ ਕਿਸੇ ਨੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਉਹ ਉਨ੍ਹ੍ਹਾਂ ਦੇ ਘਰ ਜਾ ਕੇ ਨਾਰਾਜ਼ਗੀ ਦੂਰ ਕਰਕੇ ਆਏ ਹਨ। ਸ੍ਰੀ ਬ੍ਰਹਮਪੁਰਾ ਜਾਂ ਡਾ. ਅਜਨਾਲਾ ਜਦੋਂ ਵੀ ਉਨ੍ਹਾਂ ਨੂੰ ਸੱਦਣਗੇ, ਉਹ ਉਨ੍ਹਾਂ ਦੇ ਘਰ ਜ਼ਰੂਰ ਜਾਣਗੇ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਉਨ੍ਹਾਂ ਨੂੰ ਕੋਈ ਨਾਰਾਜ਼ਗੀ ਹੈ ਤਾਂ ਉਹ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਗੱਲਬਾਤ ਕਰ ਸਕਦੇ ਹਨ। ਭਾਈ ਮਨਜੀਤ ਸਿੰਘ ਦੀ ਨਾਰਾਜ਼ਗੀ ਬਾਰੇ ਉਨ੍ਹਾਂ ਆਖਿਆ ਕਿ ਉਹ ਕਦੇ ਵੀ ਪਾਰਟੀ ਤੋਂ ਬਾਹਰ ਨਹੀਂ ਗਏ ਅਤੇ ਹਮੇਸ਼ਾ ਪਾਰਟੀ ਨਾਲ ਖੜ੍ਹੇ ਰਹੇ ਹਨ।ਨਾਰਾਜ਼ਗੀ ਦੂਰ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਦੇ ਕੁਝ ਪੰਥਕ ਮਸਲਿਆਂ ਨੂੰ ਲੈ ਕੇ ਵਖਰੇਵੇਂ ਸਨ, ਜਿਨ੍ਹਾਂ ’ਤੇ ਅੱਜ ਚਰਚਾ ਹੋਈ ਹੈ ਅਤੇ ਪਾਰਟੀ ਨੇ ਇਹ ਸਾਰੇ ਵਖਰੇਵੇਂ ਦੂਰ ਕਰ ਦਿੱਤੇ ਹਨ। ਉਨ੍ਹਾਂ ਆਖਿਆ ਕਿ ਅੱਜ ਉਨ੍ਹਾਂ ਦੇ ਘਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਅਕਾਲੀ ਆਗੂ ਪੁੱਜੇ ਸਨ ਅਤੇ ਆਪਸ ਵਿੱਚ ਖੁੱਲ੍ਹੀ ਗੱਲਬਾਤ ਹੋਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਇੱਥੇ ਭਾਈ ਗੁਰਦਾਸ ਹਾਲ ’ਚ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਬ੍ਰਹਮਪੁਰਾ ਦੇ ਸਮਰਥਕ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਸੀ। ਮੀਟਿੰਗ ਦੌਰਾਨ ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸ੍ਰੀ ਬ੍ਰਹਮਪੁਰਾ ਦੀ ਨਾਰਾਜ਼ਗੀ ਦੂਰ ਕਰਨ ਤੇ ਮਨਾਉਣ ਵਾਸਤੇ ਵੀ ਆਖਿਆ ਸੀ। ਇਸ ਤੋਂ ਪਹਿਲਾਂ ਪਾਰਟੀ ਬੁਲਾਰੇ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਸ੍ਰੀ ਬ੍ਰਹਮਪੁਰਾ ਦੇ ਘਰ ਗਏ ਸਨ ਪਰ ਉਨ੍ਹਾਂ ਆਪਣਾ ਅਸਤੀਫਾ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਸੀ। ਸ੍ਰੀ ਢੀਂਡਸਾ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮੌਕੇ ਉਨ੍ਹਾਂ ਨਾਲ ਪ੍ਰੋ. ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ (ਸਾਰੇ ਸਾਬਕਾ ਵਿਧਾਇਕ) ਤੇ ਹੋਰ ਆਗੂ ਹਾਜ਼ਰ ਸਨ।