ਪੁਲੀਸ ਨੇ ਅੰਨ੍ਹੇ ਕਤਲ ਦਾ ਮਾਮਲਾ ਦੋ ਘੰਟਿਆਂ ’ਚ ਸੁਲਝਾਇਆ

ਮਾਨਸਾ ਪੁਲੀਸ ਨੇ ਇਕ ਅੰਨ੍ਹੇ ਕਤਲ ਦਾ ਮਾਮਲਾ ਦੋ ਘੰਟਿਆਂ ’ਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਕੇਸ ਵਿੱਚ ਇਕ ਵਿਅਕਤੀ ਨੂੰ ਉਸ ਦੀ ਘਰਵਾਲੀ ਨੇ ਆਪਣੇ ਕਿਸੇ ਮਿੱਤਰ ਦੇ ਸਹਿਯੋਗ ਨਾਲ ਬੇਰਹਿਮੀ ਨਾਲ ਮਾਰਕੇ ਉਸ ਦੀ ਲਾਸ਼ ਮਾਨਸਾ ਨੇੜਲੇ ਜਵਾਹਰਕੇ ਪਿੰਡ ਵਿੱਚ ਨਹਿਰ ਵਿੱਚ ਸੁੱਟ ਦਿੱਤੀ ਸੀ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਨੇ ਦੇਰ ਸ਼ਾਮ ਕਾਹਲੀ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਅੱਜ ਜਵਾਹਰਕੇ ਪੁਲ ਵਿੱਚ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਸਬੰਧੀ ਸੂਚਨਾ ਥਾਣਾ ਸਿਟੀ-1 ਦੇ ਮੁਖੀ ਜਸਵੀਰ ਸਿੰਘ ਨੂੰ ਪ੍ਰਾਪਤ ਹੋਈ, ਜਿਨ੍ਹਾਂ ਨੇ ਤੁਰੰਤ ਇਹ ਮਾਮਲਾ ਡੀ.ਐਸ.ਪੀ. ਸਿਮਰਨਜੀਤ ਸਿੰਘ ਲੰਗ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਇਸ ਅੰਨ੍ਹੇ ਕਤਲ ਨੂੰ ਲੱਭਣ ਲਈ ਉਨ੍ਹਾਂ ਅਧਿਕਾਰੀਆਂ ਦੀ ਡਿਊਟੀ ਲਾਈ ਗਈ|
ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋ ਘੰਟਿਆਂ ਵਿਚ ਹੀ ਕਾਤਲਾਂ ਨੂੰ ਗਿ੍ਫਤਾਰ ਕਰ ਲਿਆ ਗਿਆ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਿ੍ਤਕ ਕਿਰਨਜੀਤ ਸਿੰਘ ਉਰਫ ਜੀਤ ਸਿੰਘ ਉਰਫ ਬਚੀ ਪੁੱਤਰ ਆਤਮਾ ਸਿੰਘ ਕੌਮ ਦਰਜੀ ਵਾਸੀ ਪਿੱਪਲੀਆਂ, ਹਾਲ ਆਬਾਦ ਮਾਨਸਾ ਦੀ ਘਰਵਾਲੀ ਪਰਮਜੀਤ ਕੌਰ ਦੇ ਅਵਤਾਰ ਸਿੰਘ ਉਰਫ ਦੀਪੂ ਮਹਿਰੇ ਵਾਸੀ ਬੱਛੂਆਣਾ ਹਾਲ ਆਬਾਦ ਨਜ਼ਦੀਕ ਮਾਤਾ ਰਾਣੀ ਮੰਦਰ ਮਾਨਸਾ ਨਾਲ ਸਬੰਧ ਸਨ, ਜਿਸ ਕਰਕੇ ਕਿਰਨਜੀਤ ਸਿੰਘ ਦੀ ਘਰਵਾਲੀ ਪਰਮਜੀਤ ਕੌਰ ਅਤੇ ਉਸ ਦੇ ਪ੍ਰੇਮੀ ਅਵਤਾਰ ਸਿੰਘ ਨੇ ਆਪਣੇ ਪ੍ਰੇਮ ਸਬੰਧਾਂ ਵਿੱਚ ਰੋੜਾ ਸਮਝਦਿਆਂ ਉਸ ਦਾ ਕਤਲ ਕਰ ਦਿੱਤਾ|
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜਦੋਂ ਕਿਰਨਜੀਤ ਸਿੰਘ ਆਪਣੇ ਘਰ ਵਿੱਚ ਸੌਂ ਰਿਹਾ ਸੀ ਤਾਂ ਉਸ ਦਾ ਫਾਇਦਾ ਉਠਾਉਂਦੇ ਹੋਏ ਉਸ ਦੀ ਪਤਨੀ ਪਰਮਜੀਤ ਕੌਰ ਨੇ ਆਪਣੇ ਪ੍ਰੇਮੀ ਅਵਤਾਰ ਸਿੰਘ ਨੂੰ ਘਰ ਬੁਲਾ ਲਿਆ ਅਤੇ ਉਸ ਦੀ ਸੁੱਤੇ ਪਏ ਦੀ ਗਰਦਨ ਤੇਜ਼ ਹਥਿਆਰਾਂ ਨਾਲ ਵਾਰ ਕਰਕੇ ਬੜੀ ਬੇਰਹਿਮੀ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ|
ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਖੁਰਦ-ਬੁਰਦ ਕਰਨ ਲਈ ਇਸ ਲਾਸ਼ ਨੂੰ ਪਿੰਡ ਜਵਾਹਰਕੇ ਦੀ ਨਹਿਰ ਵਿੱਚ ਸੁੱਟ ਦਿੱਤਾ ਗਿਆ|